ਘੱਗਰ ਨੂੰ ਗੰਦਲਾ ਹੋਣ ਤੋਂ ਬਚਾਉਣ ਸਬੰਧੀ ਵਿਧਾਨ ਸਭਾ ਕਮੇਟੀ ਵੱਲੋਂ ਸਮੀਖਿਆ ਮੀਟਿੰਗ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ

By Firmediac news Jun 1, 2023
Spread the love
ਲੋਕਾਂ ਨੂੰ ਵਾਤਾਵਰਨ ਸੰਭਾਲ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ
ਡੇਰਾਬਸੀ/ਐਸ.ਏ.ਐਸ ਨਗਰ, 31 ਮਈ
ਵਿਧਾਨ ਸਭਾ ਦੀ ਬੁੱਢਾ ਨਾਲਾ ਅਤੇ ਘੱਗਰ ਨਦੀ ਮਾਮਲਿਆਂ ਸਬੰਧੀ ਕਮੇਟੀ ਦੀ ਮੀਟਿੰਗ ਰੈਸਟ ਹਾਊਸ ਮੁਬਾਰਕਪੁਰ ਵਿਖੇ ਹੋਈ ਤੇ ਇਸ ਦੌਰਾਨ ਘੱਗਰ ਨਦੀ ਸਬੰਧੀ ਵੱਖ ਵੱਖ ਪੱਖਾਂ ਉੱਤੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਵਿਧਾਇਕ ਤੇ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਭੋਲਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਸ਼੍ਰੀ ਭੋਲਾ ਵੱਲੋਂ ਵੱਖੋ-ਵੱਖ ਅਧਿਕਾਰੀਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਆਪਣੀ ਡਿਊਟੀ ਪੂਰਨ ਇਮਾਨਦਾਰੀ ਨਾਲ ਕਰਦਿਆਂ ਘੱਗਰ ਦੇ ਖ਼ਰਾਬ ਹੋ ਰਹੇ ਪਾਣੀ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਨਅਤ ਸੂਬੇ ਦੀ ਆਰਥਿਕਤਾ ਤੇ ਤਰੱਕੀ ਦਾ ਅਹਿਮ ਪੱਖ ਹੈ ਤੇ ਨਿਯਮਾਂ ਦੀ ਪਾਲਣਾ ਨਾਲ ਵਾਤਾਵਰਨ ਤੇ ਖਾਸਕਰ ਕੇ ਜਲ ਸਰੋਤਾਂ ਦੇ ਨੁਕਸਾਨ ਤੋਂ ਬਿਨਾਂ ਹੀ ਸਨਅਤ ਤਰੱਕੀ ਕਰ ਸਕਦੀ ਹੈ।
ਇਸ ਮੌਕੇ ਦੱਸਿਆ ਗਿਆ ਕਿ ਬੁੱਢਾ ਨਾਲਾ ਅਤੇ ਘੱਗਰ ਦੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਹੀ ਇਹ ਕਮੇਟੀ ਬਣਾਈ ਗਈ ਹੈ ਤੇ ਕਮੇਟੀ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਕਮੇਟੀ ਮੈਂਬਰ ਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਘੱਗਰ ਦੇ ਪਾਣੀ ਨੂੰ ਕਿਸੇ ਵੀ ਰੂਪ ਵਿੱਚ ਗੰਦਲਾ ਨਾ ਕੀਤਾ ਜਾਵੇ। ਸਨਅਤ ਦਾ ਪਾਣੀ ਉਸ ਵਿੱਚ ਨਾ ਪੈਣ ਦਿੱਤਾ ਜਾਵੇ। ਉਨ੍ਹਾਂ ਨੇ ਘੱਗਰ ਦੀ ਸਾਫ਼ ਸਫ਼ਾਈ ਲਈ ਉਚੇਚੇ ਕਦਮ ਚੁੱਕਣ ਦੀ ਗੱਲ ਵੀ ਆਖੀ।
ਹਲਕਾ ਡੇਰਾਬਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਤੋਂ ਜਿੰਨਾ ਗੁਰੇਜ਼ ਕੀਤਾ ਜਾਵੇ, ਓਨਾ ਚੰਗਾ ਹੈ। ਵਾਤਾਵਰਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪਲਾਸਟਿਕ ਤੋਂ ਨਿਰਭਰਤਾ ਘਟਾਉਣਾ ਸਮੇਂ ਦੀ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਰ ਮੁਹਿੰਮ ਤੇ ਵੱਡੇ ਕਾਰਜ ਦੀ ਸਫ਼ਲਤਾ ਲਈ ਲੋਕਾਂ ਦੀ ਸ਼ਮੂਲੀਅਤ ਲਾਜ਼ਮੀ ਹੈ।ਇਸ ਲਈ ਹਰ ਇਨਸਾਨ ਵਾਤਾਵਰਨ ਨੂੰ ਬਚਾਉਣ ਲਈ ਕਦਮ ਜ਼ਰੂਰ ਚੁੱਕੇ।
ਇਸ ਮੌਕੇ ਕਮੇਟੀ ਵੱਲੋਂ ਘੱਗਰ ਨਦੀ ਸਬੰਧੀ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੁੱਕੇ ਕਦਮਾਂ ਦੀ ਸਮੀਖਿਆ ਵੀ ਕੀਤੀ ਗਈ। ਬੋਰਡ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਨਅਤ ਵੱਲੋਂ ਨਿਯਮਾਂ ਦੀ ਪਾਲਣਾ ਅਤੇ ਪ੍ਰਾਪਤ ਸ਼ਿਕਾਇਤਾਂ ਸਬੰਧੀ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਲਗਾਤਾਰ ਚੈਕਿੰਗਜ਼ ਕੀਤੀਆਂ ਜਾਂਦੀਆਂ ਹਨ। ਇਸੇ ਤਹਿਤ ਨਿਯਮਾਂ ਮੁਤਾਬਕ ਸੈਂਪਲ ਭਰ ਕੇ ਟੈਸਟਿੰਗ ਵੀ ਕਰਵਾਈ ਜਾਂਦੀ ਹੈ ਤੇ ਸਮੇਂ ਸਮੇਂ ‘ਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਨਾਲ ਜੁਰਮਾਨਾ ਵੀ ਕੀਤਾ ਜਾਂਦਾ ਹੈ।
ਪਿਛਲੇ ਸਾਲ ਦਸੰਬਰ ਮਹੀਨੇ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਹਦਾਇਤਾਂ  ‘ਤੇ ਅਮਲ ਤਹਿਤ ਕਰੀਬ 15 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਸ਼ਿਕਾਇਤਾਂ ਤੇ ਮਸਲਿਆਂ ਦੇ ਹੱਲ ਲਈ ਸਾਰੇ ਲੋੜੀਂਦੇ ਕਦਮ ਚੁੱਕ ਕੇ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ ਵੱਲੋਂ ਬੂਟੇ ਵੀ ਲਾਏ ਗਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਦੇ ਨਾਲ ਨਾਲ ਘੱਗਰ ਨਦੀ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਐਸ.ਡੀ.ਐਮ. ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Post

Leave a Reply

Your email address will not be published. Required fields are marked *