ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਅਗਵਾਈ ਵਿੱਚ ਸਕੂਲਾਂ ਦੇ ਦੌਰੇ
ਐੱਸ ਏ ਐੱਸ ਨਗਰ, 17 ਜੁਲਾਈ: firmedia c news channel team
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਲੰਘੇ ਦਿਨੀਂ ਸੂਬੇ ਵਿੱਚ ਪਈ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਮਜਬੂਰੀ ਵੱਸ ਬੰਦ ਕਰਨੇ ਪਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਕਰਨ ਮੁੜ ਰੌਣਕਾਂ ਪਰਤ ਆਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅਪਰ ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੇ ਦਿਨ 70 ਫ਼ੀਸਦੀ ਤੋਂ ਵਧੇਰੇ ਹਾਜ਼ਰੀ ਦਰਜ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਸ਼ਵਨੀ ਕੁਮਾਰ ਦੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੱਲ੍ਹ ਅਤੇ ਅੱਜ ਹੜ੍ਹਾਂ ਦੀ ਮਾਰ ਹੇਠ ਆਏ ਸਕੂਲਾਂ ਦਾ ਦੌਰਾ ਕਰਨ ਲਈ ਟੀਮਾਂ ਬਣਾਈਆਂ ਗਈਆਂ, ਜਿਸਦੀ ਅਗਵਾਈ ਉਨ੍ਹਾਂ ਖੁਦ ਕਰਦਿਆਂ ਸਕੂਲਾਂ ਅਤੇ ਉਨ੍ਹਾਂ ਦੇ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲ ਵਿੱਚ ਕੱਲ੍ਹ ਤੱਕ ਸਾਫ਼-ਸਫ਼ਾਈ ਕਰਵਾ ਕੇ, ਅੱਜ ਸਕੂਲ ਖੋਲ੍ਹੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਡੀ ਈ ਓ ਐਲੀਮੈਂਟਰੀ ਪਰਮਿੰਦਰ ਕੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਸਕੂਲਾਂ ਦੇ ਦੌਰੇ ਕੀਤੇ।
ਜ਼ਿਲ੍ਹਾ ਮੁਹਾਲੀ ਦੇ ਤਿੰਨ ਪ੍ਰਾਇਮਰੀ/ਮਿਡਲ ਸਕੂਲਾਂ ਵਿੱਚ ਸਮੱਸਿਆਵਾਂ ਹੋਣ ਕਾਰਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨਜ ਵੱਲੋਂ ਅਗਲੇ ਹੁਕਮ ਤੱਕ ਸਕੂਲ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਇਹਨਾਂ ਸਕੂਲਾਂ ਵਿੱਚ ਅੱਜ ਸਾਫ਼ ਸਫ਼ਾਈ ਅਤੇ ਪਾਣੀ ਦੇ ਨਿਕਾਸ ਦਾ ਕੰਮ ਜਾਰੀ ਸੀ। ਉਨ੍ਹਾਂ ਦੱਸਿਆ ਕਿ ਬਲਾਕ ਡੇਰਾਬੱਸੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਪੁਰ,ਨਗਲਾ ਅਤੇ ਭਾਂਖਰਪੁਰ ਦਾ ਉਨ੍ਹਾਂ ਵੱਲੋਂ ਖੁਦ ਦੌਰਾ ਕੀਤਾ ਗਿਆ,ਜਿੱਥੇ ਸਕੂਲ ਦੀਆਂ ਇਮਾਰਤਾਂ ਵਿਦਿਆਰਥੀਆਂ ਦੇ ਸੁਰੱਖਿਆ ਮੱਦੇਨਜ਼ਰ ਠੀਕ ਸਨ । ਇਸੇ ਤਰ੍ਹਾਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਪਰਮਿੰਦਰ ਕੌਰ ਵੱਲੋਂ ਬਲਾਕ ਖਰੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇਸੂ ਮਾਜਰਾ ਅਤੇ ਝੂੰਗੀਆਂ ਸਕੂਲ ਵਿਜ਼ਿਟ ਦਾ ਦੌਰਾ ਕੀਤਾ ਗਿਆ। ਇੱਥੇ ਵੀ ਹਾਲਾਤ ਵਿੱਦਿਅਕ ਮਾਹੌਲ ਲਈ ਸਾਜ਼ਗਾਰ ਸਨ। ਸਮੂਹ ਬੀ ਪੀ ਈ ਓਜ਼ ਵੱਲੋਂ ਵੀ ਆਪਣੇ ਬਲਾਕ ਦੇ ਸਕੂਲਾਂ ਦੇ ਦੌਰੇ ਕੀਤੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਹਾਲਾਤਾਂ ਦਾ ਜਾਇਜ਼ਾ ਲਿਆ।