ਜ਼ਿਲ੍ਹੇ ’ਚ ਖੁਲ੍ਹੇ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 398608 ਮਰੀਜ਼ਾਂ ਨੇ ਲਾਭ ਲਿਆ-ਡੀ ਸੀ ਆਸ਼ਿਕਾ ਜੈਨ

By Firmediac news Jul 20, 2023
Spread the love
ਜ਼ਿਲ੍ਹੇ ’ਚ ਖੁਲ੍ਹੇ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 398608 ਮਰੀਜ਼ਾਂ ਨੇ ਲਾਭ ਲਿਆ-ਡੀ ਸੀ ਆਸ਼ਿਕਾ ਜੈਨ
ਡਿਪਟੀ ਕਮਿਸ਼ਨਰ ਵਲੋਂ ਮੁੱਲਾਂਪੁਰ ਗ਼ਰੀਬਦਾਸ ਦੇ ਆਮ ਆਦਮੀ ਕਲੀਨਿਕ ਦਾ ਦੌਰਾ
ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਐੱਸ ਏ ਐੱਸ ਨਗਰ,  20 ਜੁਲਾਈ, 2023:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਦੇ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਸਥਾਪਿਤ ਆਮ ਆਦਮੀ ਕਲੀਨਕਾਂ ਦਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲੋਕਾਂ ਨੂੰ ਭਰਪੂਰ ਲਾਭ ਮਿਲਿਆ ਹੈ। ਜ਼ਿਲ੍ਹੇ ’ਚ ਹੁਣ ਤੱਕ 398608 ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਤੋਂ ਸਿਹਤ ਜਾਂਚ ਕਰਵਾਈ ਹੈ, ਜਿਸ ਵਿੱਚੋਂ 46415 ਮਰੀਜ਼ਾਂ ਨੂੰ ਮੁਫ਼ਤ ਲੈਬ ਟੈਸਟਾਂ ਦੀ ਜਾਂਚ ਦੀ ਸੁਵਿਧਾ ਦਿੱਤੀ ਗਈ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਪਿੰਡ ਮੁੱਲਾਂਪੁਰ ਗ਼ਰੀਬਦਾਸ ਵਿਖੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਕੇ ਇਨ੍ਹਾਂ ਕਲੀਨਿਕਾਂ ’ਤੇ ਆਮ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ ’ਚ 34 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਸ੍ਰੀਮਤੀ ਜੈਨ ਨੇ ਕਲੀਨਿਕ ਵਿਚ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਕਲੀਨਿਕ ਵਿੱਚ ਹੋਰ ਸੁਧਾਰ ਲਈ ਸੁਝਾਅ ਵੀ ਲਏ। ਉਨ੍ਹਾਂ ਕਲੀਨਿਕ ਦੇ ਵੱਖ-ਵੱਖ ਕਮਰਿਆਂ ਵਿਚ ਫੇਰੀ ਪਾਈ ਅਤੇ ਓ.ਪੀ.ਡੀ. ਸੇਵਾਵਾਂ, ਸਾਫ਼-ਸਫ਼ਾਈ, ਡਾਕਟਰੀ ਸਾਜ਼ੋ-ਸਮਾਨ ਦਾ ਵੀ ਨਿਰੀਖਣ ਕੀਤਾ।
        ਡਿਪਟੀ ਕਮਿਸ਼ਨਰ ਨੇ ਕਲੀਨਿਕ ਦੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੋਲੋਂ ਕਲੀਨਿਕ ਵਿਚ ਉਪਲਬਧ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਆਸ਼ਿਕਾ ਜੈਨ ਨੇ ਆਖਿਆ ਕਿ ਉਨ੍ਹਾਂ ਦੇ ਦੌਰੇ ਦਾ ਮੰਤਵ ਆਮ ਆਦਮੀ ਕਲੀਨਿਕ ਦੀ ਕਾਰਜਪ੍ਰਣਾਲੀ ਅਤੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਨਿਰੀਖਣ ਕਰਨਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਖੁਲ੍ਹੇ ਆਮ ਆਦਮੀ ਕਲੀਨਿਕ ਮਿਆਰੀ ਤੇ ਸੁਚੱਜੀਆਂ ਸਿਹਤ ਸਹੂਲਤਾਂ ਦੇਣ ਪੱਖੋਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਪ੍ਰਤੀ ਲੋਕ ਕਾਫ਼ੀ ਉਤਸ਼ਾਹਿਤ ਹਨ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਜਾਂਚ ਅਤੇ ਇਲਾਜ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਲੀਨਿਕ ਵਿਚਲੀ ਸਾਫ਼-ਸਫ਼ਾਈ ਤੋਂ ਉਹ ਸੰਤੁਸ਼ਟ ਹਨ ਅਤੇ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਥੇ ਦਿਤੀਆਂ ਜਾ ਰਹੀਆਂ ਡਾਕਟਰੀ ਸਹੂਲਤਾਂ ’ਤੇ ਤਸੱਲੀ ਪ੍ਰਗਟਾਈ।
      ਸ੍ਰੀਮਤੀ ਜੈਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਜਾਂਚ, ਇਲਾਜ ਅਤੇ ਦਵਾਈਆਂ ਦੀ ਵੰਡ ਆਦਿ ਸਾਰੀਆਂ ਸਹੂਲਤਾਂ ਬਿਲਕੁਲ ਮੁਫ਼ਤ ਹਨ ਅਤੇ ਕਈ ਤਰ੍ਹਾਂ ਦੇ ਡਾਕਟਰੀ ਟੈਸਟ ਵੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਆਖਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਹੋਣੀ ਚਾਹੀਦੀ ਅਤੇ ਗੰਭੀਰ ਅਤੇ ਬਜ਼ੁਰਗ ਮਰੀਜ਼ਾਂ ਨੂੰ ਪਹਿਲ ਦਿਤੀ ਜਾਵੇ। ਇਸ ਮੌਕੇ ਡਾ. ਸੋਲਿਨੀ, ਡਾ. ਰਾਜਵਿੰਦਰ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ, ਮੀਡੀਆ ਕੋਆਰਡੀਨੇਟਰ ਬਲਜਿੰਦਰ ਸੈਣੀ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਆਮ ਆਦਮੀ ਕਲੀਨਿਕ ਮੁਲਾਂਪੁਰ ਗਰੀਬਦਾਸ ਦਾ ਨਿਰੀਖਣ ਕਰਨ ਸਮੇਂ ਨਜ਼ਰ ਆ ਰਹੇ ਹਨ।

Related Post

Leave a Reply

Your email address will not be published. Required fields are marked *