ਡੀ ਸੀ ਵੱਲੋਂ ਐਸ ਏ ਐਸ ਨਗਰ (ਮੋਹਾਲੀ) ਵਿੱਚ ਅਸੁਰੱਖਿਅਤ ਇਮਾਰਤਾਂ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ

By Firmediac news Jul 11, 2023
Spread the love
ਆਮ ਲੋਕਾਂ ਨੂੰ ਮੌਨਸੂਨ ਸੀਜ਼ਨ ਦੌਰਾਨ ਝੀਲਾਂ, ਚੋਆਂ, ਛੱਪੜਾਂ ਜਾਂ  ਜਲ ਥਲ ਵਾਲੇ ਖੇਤਰਾਂ ਵਿੱਚ ਜਾਣ ਤੋਂ ਮਨਾਹੀ
ਬਾਰਿਸ਼ ਦੇ ਮੱਦੇਨਜ਼ਰ ਵੱਖ ਆਦੇਸ਼ ਜਾਰੀ
ਐਸ.ਏ.ਐਸ ਨਗਰ (ਮੁਹਾਲੀ), 11 ਜੁਲਾਈ, 2023-
ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਬਰਸਾਤ ਅਤੇ ਪਾਣੀ ਭਰਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ (ਮੋਹਾਲੀ) ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਨਗਰ ਨਿਗਮ ਮੋਹਾਲੀ ਨੂੰ ਸ਼ਹਿਰ ਵਿੱਚ ਅਸੁਰੱਖਿਅਤ ਇਮਾਰਤਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਹਨ।
      ਅੱਜ ਜਾਰੀ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਨਗਰ ਨਿਗਮ, ਮੋਹਾਲੀ, ਮਿਉਂਸਪਲ ਕਮੇਟੀਆਂ ਅਤੇ ਪੀ.ਡਬਲਿਊ.ਡੀ.ਬੀ.ਐਂਡ.ਆਰ. ਨੂੰ ਕਿਹਾ ਕਿ ਉਹ ਇਮਾਰਤਾਂ ਅਤੇ ਰਿਹਾਇਸ਼ਾਂ ਦੀ ਸ਼ਨਾਖਤ ਕਰਨ ਜੋ ਮੀਂਹ ਕਾਰਨ ਢਾਂਚਾਗਤ ਤੌਰ ‘ਤੇ ਅਸੁਰੱਖਿਅਤ ਹੋ ਗਈਆਂ ਹਨ ਅਤੇ ਇਹ ਯਕੀਨੀ ਬਣਾਉਣ ਕਿ ਇਨ੍ਹਾਂ ਨੂੰ ਸਮੇਂ ਸਿਰ ਖਾਲੀ ਕਰਵਾਇਆ ਜਾਵੇ ਤਾਂ ਜੋ ਮਨੁੱਖੀ ਜੀਵਨ ਨੂੰ ਕੋਈ ਨੁਕਸਾਨ/ਖਤਰਾ ਨਾ ਬਣੇ।
       ਉਨ੍ਹਾਂ ਨੇ ਆਮ ਲੋਕਾਂ ਨੂੰ ਮੌਨਸੂਨ ਸੀਜ਼ਨ ਦੌਰਾਨ 01.10.2023 ਤੱਕ ਜਲ ਸਰੋਤਾਂ ਜਿਵੇਂ ਕਿ ਝੀਲਾਂ, ਚੋਆਂ, ਛੱਪੜਾਂ ਜਾਂ ਇੱਥੋਂ ਤੱਕ ਕਿ ਸੇਮ ਵਾਲੇ ਖੇਤਰਾਂ ਆਦਿ ਵਿੱਚ ਜਾਂ ਇਸ ਦੇ ਆਲੇ-ਦੁਆਲੇ ਨਾ ਜਾਣ ਲਈ ਕਿਹਾ ਤਾਂ ਜੋ ਡੁੱਬਣ ਆਦਿ ਨਾਲ ਜੁੜੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।  ਮੋਹਾਲੀ, ਜ਼ਿਲ੍ਹੇ ਦੀਆਂ ਮਿਉਂਸਪਲ ਕਮੇਟੀਆਂ, ਗਮਾਡਾ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜੰਗਲਾਤ ਵਿਭਾਗ ਨੂੰ ਸੜਕਾਂ, ਗਲੀਆਂ ਅਤੇ ਜਨਤਕ ਮਾਰਗਾਂ ਤੋਂ ਡਿੱਗੇ ਦਰੱਖਤਾਂ ਨੂੰ ਤੁਰੰਤ ਹਟਾਉਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਨਗਰ ਨਿਗਮ, ਮੋਹਾਲੀ, ਮਿਉਂਸਪਲ ਕਮੇਟੀਆਂ ਅਤੇ ਪੀ ਡਬਲਯੂ ਡੀ ਬੀ ਐਂਡ ਆਰ ਨੂੰ ਸੜ੍ਹਕਾਂ ਵਿੱਚ ਖੱਡਿਆਂ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਗਿਆ ਹੈ ਅਤੇ ਐਸ ਪੀ, ਟ੍ਰੈਫਿਕ ਪੁਲਿਸ ਨੂੰ ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਅਤੇ  ਵਾਹਨ ਚਾਲਕਾਂ ਨੂੰ ਕਿਸੇ ਵੀ ਦੁਰਘਟਨਾ ਤੋਂ ਬਚਾਉਣ  ਲਈ ਅਜਿਹੇ ਖੇਤਰਾਂ ਦੀ ਬੈਰੀਕੈਡ ਜਾਂ ਹੋਰ ਢੰਗ ਨਾਲ ਘੇਰਾਬੰਦੀ ਕਰਨ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਜ਼ਿਲ੍ਹੇ ਵਿੱਚ ਨਗਰ ਨਿਗਮ, ਮੋਹਾਲੀ, ਮਿਉਂਸਪਲ ਕਮੇਟੀਆਂ ਨੂੰ ਕਿਹਾ ਕਿ ਉਹ ਸਾਰੇ ਮੈਨਹੋਲ ਦੇ ਢੱਕਣ ਅਤੇ ਰੋਡ ਗਲੀਆਂ ਨੂੰ ਸਹੀ ਢੰਗ ਨਾਲ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਪੈਦਲ ਚੱਲਣ ਵਾਲੇ, ਸਾਈਕਲ ਸਵਾਰਾਂ ਅਤੇ ਵਾਹਨ ਚਾਲਕਾਂ ਨੂੰ ਕਿਸੇ ਵੀ ਦੁਰਘਟਨਾ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਐਸ.ਪੀ., ਟ੍ਰੈਫਿਕ ਪੁਲਿਸ ਅਤੇ ਖੇਤਰ ਦੇ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਐੱਨ.ਐੱਚ.ਏ.ਆਈ., ਪੀ.ਡਬਲਿਊ.ਡੀ., ਮੰਡੀ ਬੋਰਡ ਅਤੇ ਅਜਿਹੀਆਂ ਸਾਰੀਆਂ ਸੜਕਾਂ ਦੀ ਮਾਲਕੀ ਵਾਲੀਆਂ ਏਜੰਸੀਆਂ ਪਾਣੀ ਭਰੇ ਅੰਡਰਪਾਸ ਅਤੇ ਸਬਵੇਅ ਦੀ ਸਹੀ ਢੰਗ ਨਾਲ ਘੇਰਾਬੰਦੀ ਕਰਨ ਅਤੇ ਆਵਾਜਾਈ ਨੂੰ ਬਦਲਵੇਂ ਰੂਟਾਂ ‘ਤੇ ਮੋੜਨ ਨੂੰ ਯਕੀਨੀ ਬਣਾਉਣ। ਉਨ੍ਹਾਂ ਆਮ ਲੋਕਾਂ ਨੂੰ ਪਾਣੀ ਦੇ ਪੱਧਰ ਦੀ ਜਾਂਚ ਕੀਤੇ ਬਿਨਾਂ ਪਾਣੀ ਭਰੇ ਅੰਡਰਪਾਸ ਅਤੇ ਸਬਵੇਅ ਵਿੱਚ ਨਾ ਜਾਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ/ਦਫ਼ਤਰਾਂ ਨੂੰ ਕਿਹਾ ਕਿ ਉਹ ਦਫ਼ਤਰੀ ਇਮਾਰਤਾਂ ਵਿੱਚ ਨਮੀ ਅਤੇ ਪਾਣੀ ਭਰਨ ਕਾਰਨ ਬਿਜਲੀ ਦੇ ਕਰੰਟ ਲੱਗਣ ਦੇ ਸੰਭਾਵਿਤ ਬਿੰਦੂਆਂ ਦਾ ਪਤਾ ਲਗਾਉਣ ਲਈ ਆਪਣੇ ਇਮਾਰਤ ਦੇ ਅਹਾਤੇ ਦਾ ਮੁਆਇਨਾ ਕਰਨ।  ਉਨ੍ਹਾਂ ਨੇ ਐਸ.ਈ., ਪੀ.ਐਸ.ਪੀ.ਸੀ.ਐਲ., ਨਗਰ ਨਿਗਮ ਮੁਹਾਲੀ ਅਤੇ ਮਿਉਂਸਪਲ ਕਮੇਟੀਆਂ ਨੂੰ ਬਿਜਲੀ ਦੇ ਖੰਭਿਆਂ ਅਤੇ ਸਟਰੀਟ ਲਾਈਟਾਂ ਦੀ ਜਾਂਚ ਕਰਨ ਲਈ ਕਿਹਾ ਤਾਂ ਜੋ ਪੈਦਲ ਚੱਲਣ ਵਾਲਿਆਂ ਨੂੰ ਬਿਜਲੀ ਦੇ ਕਰੰਟ ਦੀ ਘਟਨਾ ਤੋਂ ਬਚਾਇਆ ਜਾ ਸਕੇ।  ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਬਿਜਲੀ ਦੇ ਕਰੰਟ ਅਤੇ ਡੁੱਬਣ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਮਾਮਲੇ ਸਾਹਮਣੇ ਆਉਣ ਤੇ ਤੁਰੰਤ ਇਲਾਜ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਸਥਿਤ ਸਮੂਹ ਸਰਕਾਰੀ ਅਤੇ ਨਿੱਜੀ ਅਦਾਰਿਆਂ/ਦਫ਼ਤਰਾਂ ਨੂੰ ਬਰਸਾਤ ਦੀ ਭਵਿੱਖਬਾਣੀ ਅਤੇ ਪਾਣੀ ਭਰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਦਫ਼ਤਰ ਬੰਦ ਕਰਨ ਬਾਰੇ ਫੈਸਲਾ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਜ਼ਿਲ੍ਹੇ ਵਿੱਚ ਭਾਰੀ ਬਰਸਾਤ ਕਾਰਨ ਹੋਏ ਜਲ ਥਲ ਦੀ ਨਿਗਰਾਨੀ ਕਰਨ ਤੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਐਮਰਜੈਂਸੀ ਨਾਲ ਨਜਿੱਠਣ ਲਈ ਸਰਕਾਰ ਦੁਆਰਾ ਸਥਾਪਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸ ਓ ਪੀਜ਼) ਦੀ ਪਾਲਣਾ ਨੂੰ ਯਕੀਨੀ ਬਣਾਉਣ।

Related Post

Leave a Reply

Your email address will not be published. Required fields are marked *