ਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡੇਰਾ ਬੱਸੀ ਦੇ ਪਿੰਡ ਭਗਵਾਸੀ ਦੀ 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ*   *ਛੁਡਵਾਈ ਗਈ ਜ਼ਮੀਨ ਦਾ ਬਾਜ਼ਾਰੀ ਮੁੱਲ 45 ਕਰੋੜ ਰੁਪਏ ਦੇ ਕਰੀਬ: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ*

By Firmediac news Dec 1, 2023
Spread the love
 *ਪੰਚਾਇਤੀ ਜ਼ਮੀਨਾਂ ਕਬਜ਼ਿਆਂ ਹੇਠੋਂ ਛੁਡਵਾਉਣ ਨਾਲ ਵਿਭਾਗ ਦੀ ਆਮਦਨੀ ‘ਚ 50 ਕਰੋੜ ਰੁਪਏ ਦਾ ਵਾਧਾ ਹੋਇਆ*
 *ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਦੀ ਮੁਹਿੰਮ ਜਾਰੀ ਰਹੇਗੀ*
 *ਡੇਰਾ ਬੱਸੀ/ਐਸਏਐਸ ਨਗਰ, 1 ਦਸੰਬਰ, 2023:*
 ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹੁਣ ਤੱਕ ਸੂਬੇ ਵਿੱਚ ਕਰੀਬ 12000 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ। ਡੇਰਾ ਬੱਸੀ ਬਲਾਕ ਦੇ ਪਿੰਡ ਭਗਵਾਸੀ ਵਿਖੇ ਅੱਜ ਬਾਅਦ ਦੁਪਹਿਰ 53 ਏਕੜ ਪੰਚਾਇਤੀ ਜ਼ਮੀਨ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਬਜ਼ਿਆਂ ਵਿਰੁੱਧ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਕੁੱਲ 64 ਏਕੜ ਪੰਚਾਇਤੀ ਜ਼ਮੀਨ ਕਬਜ਼ੇ ਹੇਠ ਸੀ ਪਰ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੱਲ 64 ਵਿੱਚੋਂ 11 ਏਕੜ ਜ਼ਮੀਨ ’ਤੇ ਫ਼ਿਲਹਾਲ ਸਟੇਅ ਲਗਾ ਦਿੱਤੀ ਹੈ, ਇਸ ਲਈ ਅੱਜ ਬਾਕੀ ਰਹਿੰਦੀ 53 ਏਕੜ ਜ਼ਮੀਨ ਵਿਭਾਗ ਵਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ। ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਕਰੀਬ 12000 ਏਕੜ ਜ਼ਮੀਨ ਕਬਜ਼ਿਆਂ ਤੋਂ ਮੁਕਤ ਕਰਵਾਈ ਜਾ ਚੁੱਕੀ ਹੈ, ਜਿਸ ਨਾਲ ਪੰਚਾਇਤੀ ਜ਼ਮੀਨਾਂ ਦੇ ਮਾਲੀਏ ਵਿੱਚ 50 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਕਿਉਂਕਿ ਕਬਜ਼ਾ-ਮੁਕਤ ਕਰਵਾਈਆਂ ਗਈਆਂ ਜ਼ਮੀਨਾਂ ਅੱਗੇ ਪਿੰਡ ਦੇ ਵਸਨੀਕਾਂ ਨੂੰ ਚਕੋਤੇ ‘ਤੇ ਖੇਤੀ/ਵਾਹੀ ਲਈ ਦਿੱਤੀਆਂ ਗਈਆਂ ਹਨ। ਸ. ਭੁੱਲਰ ਨੇ ਦੱਸਿਆ ਕਿ ਅੱਜ ਖ਼ਾਲੀ ਕਰਵਾਈ ਗਈ ਪੰਚਾਇਤੀ ਜ਼ਮੀਨ ਦੀ ਕੀਮਤ 40 ਤੋਂ 45 ਕਰੋੜ ਰੁਪਏ ਹੈ ਕਿਉਂਕਿ ਇਹ ਉਦਯੋਗਿਕ ਜ਼ੋਨ ਵਿੱਚ ਆਉਂਦੀ ਹੈ। ਕੈਬਨਿਟ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਦੇ ਕੇਸਾਂ ਨਾਲ ਨਜਿੱਠਣ ਵਾਲੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਤਾਂ ਜੋ ਜ਼ਮੀਨ ਵਾਪਸ ਲਈ ਜਾ ਸਕੇ ਅਤੇ ਇਹ ਪੰਚਾਇਤਾਂ ਲਈ ਆਮਦਨੀ ਦਾ ਸਰੋਤ ਬਣ ਸਕੇ। ਉਨ੍ਹਾਂ ਨੇ ਸੂਬੇ ਭਰ ਵਿੱਚ ਉਹ ਪੰਚਾਇਤੀ ਜ਼ਮੀਨਾਂ ਜੋ ਅਜੇ ਵੀ ਨਾਜਾਇਜ਼ ਕਬਜ਼ਿਆਂ ਅਧੀਨ ਹਨ, ਦੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਸਵੈ-ਨਿਰਭਰ ਸੂਬਾ ਬਣਾਉਣ ਅਤੇ ਇਸ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਸੂਬਾ ਸਰਕਾਰ ਦੇ ਉਪਰਾਲੇ ਵਿੱਚ ਮਦਦ ਕਰਨ ਲਈ ਸਵੈ-ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੱਡਣ। ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਸੰਯੁਕਤ ਡਾਇਰੈਕਟਰ (ਸ਼ਾਮਲਾਤ ਸੈੱਲ) ਜਗਵਿੰਦਰਜੀਤ ਸਿੰਘ ਸੰਧੂ, ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ, ਏ.ਐਸ.ਪੀ ਡੇਰਾ ਬੱਸੀ ਸ੍ਰੀਮਤੀ ਦਰਪਨ ਆਹਲੂਵਾਲੀਆ, ਤਹਿਸੀਲਦਾਰ ਡੇਰਾ ਬੱਸੀ ਕੁਲਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ ਚੌਹਾਨ ਅਤੇ ਬੀ.ਡੀ.ਪੀ.ਓ ਬਲਾਕ ਡੇਰਾ ਬੱਸੀ ਰਵਨੀਤ ਕੌਰ ਮੌਜੂਦ ਸਨ।

Related Post

Leave a Reply

Your email address will not be published. Required fields are marked *