ਐਸ.ਏ.ਐਸ. ਨਗਰ/ ਖਰੜ , 29 ਮਈ
ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ ਦੀ ਟੀਮ ਨੇ ਤੰਬਾਕੂ ਰੋਕਥਾਮ ਲਈ ਮਈ ਮਹੀਨੇ ’ਚ ਹੁਣ ਤਕ 88 ਥਾਵਾਂ ’ਤੇ ਜਾਂਚ ਕੀਤੀ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ 44 ਚਾਲਾਨ ਕੀਤੇ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਟੀਮ ਨੇ ਵੱਖ-ਵੱਖ ਥਾਈਂ ਦੁਕਾਨਾਂ, ਰੇਹੜੀ-ਫੜ੍ਹੀ ਵਾਲਿਆਂ ਦੀ ਜਾਂਚ ਕੀਤੀ ਅਤੇ ਕੁਲ 4450 ਰੁਪਏ ਜੁਰਮਾਨਾ ਵਸੂਲ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵੇਖਿਆ ਗਿਆ ਕਿ ਕੁਝ ਦੁਕਾਨਦਾਰਾਂ ਨੇ ਤੰਬਾਕੂ ਦੀ ਵਰਤੋਂ ਸਬੰਧੀ ਚਿਤਾਵਨੀ ਬੋਰਡ ਨਹੀਂ ਲਾਏ ਹੋਏ ਸਨ ਅਤੇ ਕੁਝ ਕਰਿਆਨਾ ਦੁਕਾਨਦਾਰ ਤੰਬਾਕੂ ਵੇਚ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਚਾਲਾਨ ਕੀਤੇ ਗਏ ਅਤੇ ਜੁਰਮਾਨਾ ਵਸੂਲ ਕੀਤਾ ਗਿਆ।
ਟੀਮ ਵਲੋਂ ਚਲਾਨ ਕੱਟਣ ਮਗਰੋਂ ਦੁਕਾਨਦਾਰਾਂ ਅਤੇ ਹੋਰ ਵਿਅਕਤੀਆਂ ਨੂੰ ‘ਸਿਗਰਟਸ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ’ (ਕੋਟਪਾ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਜਨਤਕ ਥਾਂ ਉਤੇ ਤੰਬਾਕੂਨੋਸ਼ੀ ਨਹੀਂ ਕੀਤੀ ਜਾ ਸਕਦੀ। ਕੋਟਪਾ ਤਹਿਤ ਸਿਗਰਟ ਦੇ ਜਿਸ ਪੈਕੇਟ ’ਤੇ 85 ਫ਼ੀਸਦੀ ਚਿਤਾਵਨੀ ਚਿੰਨ੍ਹ ਨਹੀਂ ਹੁੰਦੇ, ਉਸ ਨੂੰ ਪਾਬੰਦੀਸ਼ੁਦਾ ਜਾਂ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਖੁਲ੍ਹੀਆਂ ਸਿਗਰਟਾਂ ਵੇਚਣਾ ਗ਼ੈਰ-ਕਾਨੂੰਨੀ ਹੈ। ਸਕੂਲ ਦੀ ਬਾਹਰੀ ਕੰਧ ਦੇ 100 ਗਜ਼ ਦੇ ਘੇਰੇ ਅੰਦਰ ਵੀ ਤੰਬਾਕੂ ਪਦਾਰਥ ਵੇਚਣਾ ਗ਼ੈਰਕਾਨੂੰਨੀ ਹੈ।
ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਪਦਾਰਥ ਵੇਚਣਾ ਗ਼ੈਰਕਾਨੂੰਨੀ ਨਹੀਂ ਪਰ ਇਹ ਸਮਾਨ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਵੇਚਿਆ ਜਾਵੇ। ਜਿਹੜਾ ਦੁਕਾਨਦਾਰ ਇਸ ਕਾਨੂੰਨ ਦੀ ਉਲੰਘਣਾ ਕਰਦਿਆਂ ਸਮਾਨ ਵੇਚਦਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਕਿ ਜੇ ਉਹ ਅੱਗੇ ਤੋਂ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚਣਗੇ ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਾ. ਅਲਕਜੋਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਗ਼ੈਰਕਾਨੂੰਨੀ ਢੰਗ ਨਾਲ ਤੰਬਾਕੂ ਪਦਾਰਥ ਵੇਚਣ ਵਾਲਿਆਂ ਵਿਰੁੱਧ ਲਗਾਤਾਰ ਕਾਰਵਾਈ ਕਰਦਾ ਰਹਿੰਦਾ ਹੈ ਤੇ ਨਾਲ ਹੀ ਜਾਗਰੂਕਤਾ ਮੁਹਿੰਮ ਵੀ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਦਾ ਮੰਤਵ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਸਮਝਾਉਣਾ ਹੈ ਕਿ ਉਹ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਤੰਬਾਕੂ ਪਦਾਰਥ ਵੇਚਣ। ਜਾਂਚ ਟੀਮ ਵਿਚ ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਐਮ.ਐਲ.ਟੀ. ਸੁਖਦੇਵ ਸਿੰਘ ਤੇ ਹੋਰ ਸਿਹਤ ਅਧਿਕਾਰੀ ਸ਼ਾਮਲ ਸਨ।