ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ, 26 ਮਈ ਨੂੰ ਅਕਾਦਮਿਕ ਸਾਲ 2022-23 ਲਈ ਦਸਵੀਂ ਸ਼੍ਰੇਣੀ (ਰੈਗੂਲਰ ਅਤੇ ਓਪਨ ਸਕੂਲ)  ਦਾ ਨਤੀਜਾ ਵਾਈਸ ਚੇਅਰਮੈਨ, ਡਾ. ਵਰਿੰਦਰ ਭਾਟੀਆ ਵੱਲੋਂ ਐਲਾਨਿਆਂ ਗਿਆ

By Firmediac news May 26, 2023
Spread the love

ਐੱਸ.ਏ.ਐੱਸ.ਨਗਰ, 26 ਮਈ : ਮਾਨਯੋਗ ਚੇਅਰਪਰਸਨ ਡਾ. ਸਤਬੀਰ ਬੇਦੀ ਦੀ ਯੋਗ ਅਗਵਾਈ ਸਦਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ, 26 ਮਈ ਨੂੰ ਅਕਾਦਮਿਕ ਸਾਲ 2022-23 ਲਈ ਦਸਵੀਂ ਸ਼੍ਰੇਣੀ (ਰੈਗੂਲਰ ਅਤੇ ਓਪਨ ਸਕੂਲ)  ਦਾ ਨਤੀਜਾ ਵਾਈਸ ਚੇਅਰਮੈਨ, ਡਾ. ਵਰਿੰਦਰ ਭਾਟੀਆ ਵੱਲੋਂ ਐਲਾਨਿਆਂ ਗਿਆ। ਇਸ ਪਰੀਖਿਆ ਵਿੱਚ ਕੁੱਲ 281327 (ਦੋ ਲੱਖ ਇਕਿਆਸੀ ਹਜ਼ਾਰ ਤਿੰਨ ਸੌ ਸਤਾਈ) ਪਰੀਖਿਆਰਥੀ ਅਪੀਅਰ ਹੋਏ ਜਿਨ੍ਹਾਂ ਵਿੱਚੋਂ 274400(ਦੋ ਲੱਖ ਚੁਹੱਤਰ ਹਜਾਰ ਚਾਰ ਸੌ ) ਪਰੀਖਿਆਰਥੀ ਪਾਸ ਹੋਏ ਹਨ। ਸਾਲ 2022-23 ਦੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.54 % ਰਹੀ ਹੈ। ਇਸ ਸਾਲ ਸਰਕਾਰੀ ਸਕੂਲਾਂ ਦੇ ਕੁੱਲ 97.76 ਪ੍ਰਤੀਸ਼ਤ ਅਤੇ ਗੈਰ-ਸਰਕਾਰੀ ਸਕੂਲਾਂ ਦੇ 97 ਪ੍ਰਤੀਸ਼ਤ ਪਰੀਖਿਆਰਥੀ ਪਾਸ ਹੋਏ ਹਨ।

ਸਾਲ 2022-23 ਦੀ ਦਸਵੀਂ ਸ਼੍ਰੇਣੀ ਦੀ ਇਸ ਪਰੀਖਿਆ ਵਿੱਚ  ਲੜਕੀਆਂ ਨੇ ਇੱਕ ਵਾਰੀ ਫ਼ੇਰ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪੱਖੋਂ ਲੜਕਿਆਂ ਤੋਂ ਘੱਟ ਨਹੀਂ ਹਨ। ਇਸ ਸਾਲ ਸਿੱਖਿਆ ਬੋਰਡ ਦੇ ਹੋਰ ਨਤੀਜਿਆਂ ਦੀ ਤਰ੍ਹਾਂ ਦਸਵੀਂ ਸ਼੍ਰੇਣੀ ਦਾ ਨਤੀਜਾ ਵੀ ਲੜਕੀਆਂ ਦੇ ਹੀ ਨਾਂ ਰਿਹਾ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 98.46 % ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 96.73% ਰਹੀ ਹੈ।  

ਸ਼ਿਖ਼ਰ ਤੇ ਰਹਿਣ ਵਾਲੇ ਪਹਿਲੇ ਤਿੰਨ ਪਰੀਖਿਆਰਥੀਆਂ ਵਿੱਚ  ਪਹਿਲਾ ਸਥਾਨ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ ਜਿਲ੍ਹਾ ਫ਼ਰੀਦਕੋਟ ਦੀ ਵਿਦਿਆਰਥਣ ਗਗਨਦੀਪ  ਕੌਰ ਪੁੱਤਰੀ ਸ. ਗੁਰਸੇਵਕ ਸਿੰਘ ਨੇ 650 ਵਿੱਚੋਂ 650  ਅੰਕ ਲੈ ਕੇ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੀ ਹੀ ਵਿਦਿਆਰਥਣ ਨਵਜੋਤ ਪੁੱਤਰੀ ਵਿਜੈ ਕੁਮਾਰ 650 ਵਿੱਚੋਂ 648 ( 99.69% ) ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ‘ਤੇ ਰਹੀ। ਤੀਸਰਾ ਸਥਾਨ ਸਰਕਾਰੀ ਹਾਈ ਸਕੂਲ, ਮੰਢਾਲੀ, ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਹਰਮਨਦੀਪ  ਕੌਰ ਪੁੱਤਰੀ ਸ. ਸੁਖਵਿੰਦਰ  ਸਿੰਘ  ਨੇਂ 650 ਵਿੱਚੋਂ 648 (99.38%) ਅੰਕ ਪ੍ਰਾਪਤ ਕਰਕੇ ਹਾਸਲ ਕੀਤਾ।

ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ ਹਰ ਪੱਖੋਂ ਸਰਕਾਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਗੈਰ-ਸਰਕਾਰੀ ਸੰਸਥਾਵਾਂ ਤੋਂ ਬਿਹਤਰ ਰਹੀ ਹੈ ਜੋ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸੇ ਤਰਾਂ ਪੇਂਡੂ ਖ਼ੇਤਰ ਦਾ ਨਤੀਜਾ ਸ਼ਹਿਰੀ ਖ਼ੇਤਰ ਨਾਲੋਂ ਵਧੀਆ ਹੋਣ ਦਾ ਸਿਹਰਾ ਵੀ ਸੂਬੇ ਦੇ ਮੁੱਂਖ ਮੰਤਰੀ ਮਾਨਯੋਗ ਸ. ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਮਾਨਯੋਗ ਸ਼੍ਰੀ ਹਰਜੋਤ ਬੈਂਸ ਦੇ ਸਿਰ ਬੱਝਦਾ ਹੈ। ਡਾ. ਭਾਟੀਆ ਦੇ ਕਹਿਣ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਸਿੱਖਿਆ ਬੋਰਡ ਵੱਲੋਂ ਆਪਣਾ ਪ੍ਰਦਰਸ਼ਨ ਹੋਰ ਵੀ ਬਿਹਤਰ ਕੀਤਾ ਜਾਵੇਗਾ ਤਾਂ ਜੋ ਸਰਕਾਰ ਵੱਲੋਂ ਨਿਰਧਾਰਤ ਟੀਚੇ ਪ੍ਰਾਪਤ ਕੀਤੇ ਜਾ ਸਕਣ।

ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਜੇ.ਆਰ ਮਹਿਰੋਕ ਮੁਤਾਬਕ ਨਤੀਜਾ ਐਲਾਨੇ ਜਾਣ ਉਪਰੰਤ ਪਰੀਖਿਆਰਥੀਆਂ ਦੇ ਸਰਟੀਫ਼ਿਕੇਟ ਡਿਜੀਲਾਕਰ ਤੇ ਉਪਲਬਧ ਕਰਵਾਏ ਜਾਣਗੇ। ਪਰੀਖਿਆਰਥੀ ਆਪਣੇ ਡਿਜੀਟਲ ਸਰਟੀਫ਼ਿਕੇਟ ਡਿਜੀਲਾਕਰ ਰਾਹੀਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਪਰੀਖਿਆਰਥੀਆਂ ਵੱਲੋਂ ਆਪਣੇ ਪਰੀਖਿਆ ਫ਼ਾਰਮ ਵਿੱਚ ਸਰਟੀਫ਼ਿਕੇਟ ਦੀ ਹਾਰਡ ਕਾਪੀ ਲਈ ਆਪਸ਼ਨ ਭਰੀ ਗਈ ਸੀ, ਅਜਿਹੇ ਪਰੀਖਿਆਰਥੀਆਂ ਦੇ ਸਰਟੀਫ਼ਕੇਟ ਨਤੀਜਾ ਐਲਾਨੇ ਜਾਣ ਤੋਂ ਲਗਪਗ 20 ਦਿਨਾਂ ਦੇ ਅੰਦਰ-ਅੰਦਰ ਸਬੰਧਤ ਸਕੂਲਾਂ ਨੂੰ ਹਰ  ਜ਼ਿਲ੍ਹੇ ਵਿੱਚ ਸਥਿਤ ਸਿੱਖਿਆ ਬੋਰਡ ਦੇ ਖ਼ੇਤਰੀ ਦਫ਼ਤਰਾਂ ਰਾਹੀਂ ਭੇਜ ਦਿੱਤੇ ਜਾਣਗੇ। ਕਾਰਗੁਜ਼ਾਰੀ ਵਿੱਚ ਸੁਧਾਰ ਕੈਟਾਗਰੀਆਂ ਅਧੀਨ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਨੂੰ ਪਹਿਲਾਂ ਜਾਰੀ ਕੀਤਾ ਸਰਟੀਫ਼ਿਕੇਟ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਉਪਰੰਤ ਹੀ ਨਵਾਂ ਸਰਟੀਫ਼ਿਕੇਟ ਜਾਰੀ ਕੀਤਾ ਜਾਵੇਗਾ। ਰੀ-ਅਪੀਅਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਅਧੀਨ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਦੇ ਸਰਟੀਫ਼ਿਕੇਟ ਵੀ ਡਿਜੀਲਾਕਰ ਤੇ ਉਪਲਬਧ ਕਰਵਾਏ ਜਾਣਗੇ। ਜਿਨ੍ਹਾਂ ਪਰੀਖਿਆਰਥੀਆਂ ਨੇਂ ਹਾਰਡ ਕਾਪੀ ਦੀ ਆਪਸ਼ਨ ਭਰੀ ਹੈ ਉਨ੍ਹਾਂ ਨੂੰ ਰਜਿਸਟਰਡ ਡਾਕ ਰਾਹੀਂ ਦਾਖਲਾ ਫ਼ਾਰਮ ਵਿੱਚ ਭਰੇ ਪਤੇ ਤੇ ਸਰਟੀਫ਼ਿਕੇਟ ਭੇਜਿਆ ਜਾਵੇਗਾ।

ਸ਼ੁੱਕਰਵਾਰ ਨੂੰ ਐਲਾਨੇ ਦਸਵੀਂ ਸ਼੍ਰੇਣੀ ਦੇ ਇਸ ਨਤੀਜੇ ਸਬੰਧੀ ਪੂਰੇ ਵੇਰਵੇ ਅਤੇ ਨਤੀਜਾ ਸ਼ਨਿੱਚਰਵਾਰ 27 ਮਈ ਨੂੰ ਸਵੇਰੇ 08:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.indiaresults.com ‘ਤੇ ਉਪਲੱਬਧ ਹੋਵੇਗਾ। ਨਤੀਜੇ ਸਬੰਧੀ ਇਹ ਵੇਰਵੇ ਕੇਵਲ ਵਿਦਿਆਰਥੀਆਂ ਦੀ ਸੂਚਨਾ ਹਿਤ ਹੋਣਗੇ।

ਨਤੀਜਾ ਐਲਾਨ ਕਰਨ ਮੌਕੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜੇ.ਆਰ. ਮਹਿਰੋਕ, ਉਪ ਸਕੱਤਰ ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀ ਗੁਰਤੇਜ਼ ਸਿੰਘ ਸ਼੍ਰੀ ਮਨਮੀਤ  ਸਿੰਘ ਭੱਠਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।  

Related Post

Leave a Reply

Your email address will not be published. Required fields are marked *