ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਵਿਲੱਖਣ ਮਿਸ਼ਨ ‘ਫੁਲਕਾਰੀ’ ਦੀ ਸ਼ੁਰੂਆਤ 

By Firmediac news Jul 20, 2023
Spread the love
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਵਿਲੱਖਣ ਮਿਸ਼ਨ ‘ਫੁਲਕਾਰੀ’ ਦੀ ਸ਼ੁਰੂਆਤ
ਵਿਸ਼ੇਸ਼ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਪਹਿਲੀ ਸਿਖਲਾਈ ਸਾਈਟ ਦਾ ਉਦਘਾਟਨ ਕੀਤਾ
ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਅਤੇ ਵਿਰਾਸਤੀ ਕਲਾ ਨੂੰ ਸੰਭਾਲਣ ’ਚ ਸਮਰੱਥ ਹੋਵੇਗਾ ਇਹ ਮਿਸ਼ਨ
ਪ੍ਰੋਜੈਕਟ ਦਾ ਉਦੇਸ਼ ਦਸਤਕਾਰੀ ਅਤੇ ਫੁਲਕਾਰੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਮਹਿਲਾ ਕਾਰੀਗਰਾਂ ਨੂੰ ਸਿਖਲਾਈ ਦੇਣਾ
ਪੰਜਾਬ ਵਿੱਚ ਪੰਜ ਸਥਾਨਾਂ ’ਤੇ ਕੁੱਲ 125 ਕਾਰੀਗਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ
ਡੇਰਾਬੱਸੀ (ਐਸ.ਏ.ਐਸ. ਨਗਰ), 20 ਜੁਲਾਈ-
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੇਂਡੂ ਦਸਤਕਾਰੀ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਸੰਜੀਦਾ ਯਤਨਾਂ ਤਹਿਤ ਰਾਜ ਭਰ ਵਿੱਚ ਪੰਜ ਥਾਵਾਂ ’ਤੇ 125 ਮਹਿਲਾ ਕਾਰੀਗਰਾਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੋਜੀ ਨਾਲ ਸਾਂਝ ਪਾ ਕੇ ਸਿਖਲਾਈ ਦੇਣ ਦੀ ਇਤਿਹਾਸਕ ਪਹਿਲਕਦਮੀ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਵਿਸ਼ੇਸ਼ ਮੁੱਖ ਸਕੱਤਰ (ਸਹਿਕਾਰਤਾ) ਅਨੁਰਾਗ ਅਗਰਵਾਲ ਨੇ ਡੇਰਾਬੱਸੀ ਨੇੜਲੇ ਪਿੰਡ ਮਹਿਮਦਪੁਰ ਵਿਖੇ ਪਹਿਲੇ ਸਿਖਲਾਈ ਸੈਸ਼ਨ ਦਾ ਉਦਘਾਟਨ ਕਰਨ ਉਪਰੰਤ ਦੱਸਿਆ ਕਿ ਇਨ੍ਹਾਂ ਕਾਰੀਗਰਾਂ ਦੁਆਰਾ ਤਿਆਰ ਕੀਤਾ ਗਿਆ ਸਮਾਨ ਰਾਜ ਸਰਕਾਰ ਦੀ ਪ੍ਰਮੁੱਖ ਸਹਿਕਾਰੀ ਸੰਸਥਾ ਮਾਰਕਫੈੱਡ ਦੁਆਰਾ ਆਪਣੇ ਔਨਲਾਈਨ ਈ-ਕਾਮਰਸ ਪੋਰਟਲ ਦੇ ਨਾਲ-ਨਾਲ ਸੈਕਟਰ 22-ਸੀ, ਚੰਡੀਗੜ੍ਹ ਸਥਿਤ ਆਪਣੇ ਸਟੋਰ ’ਤੇ ਵਿਕਰੀ ਕੀਤਾ ਜਾਵੇਗਾ।
ਵਿਸ਼ੇਸ਼ ਮੁੱਖ ਸਕੱਤਰ (ਸਹਿਕਾਰਤਾ), ਅਨੁਰਾਗ ਅਗਰਵਾਲ, ਜਿਨ੍ਹਾਂ ਨੇ ਪੰਜਾਬ ਵਿੱਚ ਅਲੋਪ ਹੋ ਰਹੇ ਦਸਤਕਾਰੀ ਅਤੇ ਫੁਲਕਾਰੀ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਪਹਿਲਕਦਮੀ ਕੀਤੀ, ਨੇ ਅੱਗੇ ਕਿਹਾ ਕਿ ਮਹਿਲਾ ਕਾਰੀਗਰਾਂ ਦੀ ਮਦਦ ਲਈ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਅਤੇ ਪ੍ਰਬੰਧਕੀ ਨਿਰਦੇਸ਼ਕ, ਮਾਰਕਫੈੱਡ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਹਿਸੂਸ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਰਵਾਇਤੀ ਵਸਤੂਆਂ/ਕਲਾ ਨੂੰ ਪੰਜਾਬ ਅੰਦਰ ਮੌਜੂਦ ਪ੍ਰਤਿਭਾ ਨੂੰ ਉਭਾਰ ਕੇ ਅਤੇ ਪੰਜਾਬ ਦੇ ਇਸ ਉਤਪਾਦ ਦਾ ਮੰਡੀਕਰਨ ਕਰਕੇ ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ’ਤੇ ਉਤਸ਼ਾਹਿਤ ਕਰਨ ਦੀ ਲੋੜ ਹੈ।
ਵਿਸ਼ੇਸ਼ ਮੁੱਖ ਸਕੱਤਰ ਨੇ ਕਿਹਾ ਕਿ ਫੁਲਕਾਰੀ ਜਿਹੇ ਉਤਪਾਦਾਂ ਦੀ ਦੁਨੀਆ ਭਰ ਵਿੱਚ ਬਹੁਤ ਮੰਗ ਹੈ।  ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮਾਰਕਫੈੱਡ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਇਨ੍ਹਾਂ ਉਤਪਾਦਾਂ ਦਾ ਮੰਡੀਕਰਨ ਕਰਨ ਅਤੇ ਇਨ੍ਹਾਂ ਕਾਰੀਗਰਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦਾ ਚੰਗਾ ਮਿਹਨਤਾਨਾ ਦਿਵਾਉਣ ਵਿੱਚ ਮਦਦ ਕਰਨ।  ਸ੍ਰੀ ਅਨੁਰਾਗ ਅਗਰਵਾਲ ਨੇ ਆਸ ਪ੍ਰਗਟਾਈ ਕਿ ਇਹ ਵਿਲੱਖਣ ਉਪਰਾਲਾ ਇੱਕ ਪਾਸੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਦੂਜੇ ਪਾਸੇ ਔਰਤਾਂ ਲਈ ਸਵੈ-ਨਿਰਭਰਤਾ ਦੇ ਨਵੇਂ ਰਾਹ ਖੋਲ੍ਹਣ ਵਿੱਚ ਬਹੁਤ ਸਹਾਈ ਹੋਵੇਗਾ।
 ਮਾਰਕਫੈੱਡ ਦੇ ਐਮ ਡੀ ਗਿਰੀਸ਼ ਦਿਆਲਨ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਰਕਫੈੱਡ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਆਪਣੀ ਭੂਮਿਕਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਬਤੌਰ ਸੂਬੇ ਦੀ ਪ੍ਰਮੁੱਖ ਸਹਿਕਾਰਤਾ ਸੰਸਥਾਂ ਸੂਬੇ ਦੀ ਸਭਿਆਚਾਰਕ ਵਿਰਾਸਤ ਨੂੰ ਹਰ ਤਰ੍ਹਾਂ ਨਾਲ ਸੰਭਾਲਣਾ ਯਕੀਨੀ ਬਣਾਇਆ ਜਾਵੇਗਾ। ਗਿਰੀਸ਼ ਦਿਆਲਨ ਨੇ ਕਿਹਾ ਕਿ ਮਾਰਕਫੈੱਡ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਆਪਣੀ ਡਿਊਟੀ ਪੂਰੀ ਪ੍ਰਤੀਬੱਧਤਾ ਨਾਲ ਨਿਭਾਏਗਾ।
ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਦੇ ਨਾਲ ਰਜਿਸਟਰਾਰ ਸਹਿਕਾਰੀ ਸਭਾਵਾਂ ਵੀ.ਕੇ.ਸੇਤੀਆ, ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਹੋਰਨਾਂ ਨੇ ਮਹਿਲਾ ਕਾਰੀਗਰਾਂ ਨੂੰ ਪ੍ਰੇਰਿਤ ਕੀਤਾ।

Related Post

Leave a Reply

Your email address will not be published. Required fields are marked *