ਬੁੱਢਾ ਦਲ ਦੇ ਸੱਤਵੇਂ ਜੱਥੇਦਾਰ ਸਿੰਘ ਸਾਹਿਬ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ (ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ) ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਚੱਲ ਰਹੇ ਕਾਰਜ

By Firmediac news Dec 1, 2023
Spread the love

????????????????????????????????????


1) ਸਦੀਵੀ ਲੜੀ ਬਾਰੇ : ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਇਸ ਅਸਥਾਨ ਤੇ 29 ਨਵੰਬਰ 1993 ਤੋਂ ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰੰਤਰ ਲੜੀ ਜਾਰੀ ਹੈ ਜੀ, ਲੜੀ ਦੇ 101 ਸ੍ਰੀ ਅਖੰਡ ਪਾਠ ਸਾਹਿਬ ਜੀ ਸੰਪੂਰਨ ਹੋਣ ਤੇ ਬਾਬਾ ਜੀ ਦੇ ਬਚਨਾ ਅਨੁਸਾਰ ਦੇਸੀ ਘੀ ਦੀਆਂ ਜਲੇਬੀਆਂ ਦਾ ਅਤੁੱਟ ਜੱਗ ਕਰਾਇਆ ਜਾਂਦਾ ਹੈ ਜੀ।
2) ਕਾਰ ਸੇਵਾ ਕੁੰਭ ਬਾਰੇ : ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਪਾਰ ਕਿ੍ਰਪਾ ਸਦਕਾ ਸੱਚ ਖੰਡ ਵਾਸੀ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ: ਸਾਹਿਬ ਦੇ ਦਰਬਾਰ ਸਾਹਿਬ ਜੀ ਦੀ ਸੇਵਾ ਗੁ: ਪ੍ਰਬੰਧਕ ਕਮੇਟੀ ਵੱਲੋਂ ਮੁਕੰਮਲ ਕਰਵਾਈ ਜਾ ਚੁੱਕੀ ਹੈ। ਗੁ: ਸਾਹਿਬ ਜੀ ਦੇ ਗੁੰਬਦਾਂ ਦੇ ਉੱਪਰ ਸੋਨੇ ਦੇ ਕਲਸ਼ ਚੜ੍ਹਾਉਣ ਦੀ ਸੇਵਾ ਕਰਵਾਈ ਗਈ ਹੈ। ਇਸ ਸਮੇਂ ਗੁ: ਸਾਹਿਬ ਜੀ ਦੇ ਪੂਰੇ ਗੁੰਬਦ ਦੇ ਉੱਪਰ ਸੋਨਾ ਚੜ੍ਹਾਉਣ ਦੀ ਸੇਵਾ, ਦੋਵੇਂ ਦਰਸ਼ਨੀ ਡਿਊਢੀਆਂ ਦੀ ਸੇਵਾ ਚੱਲ ਰਹੀ ਹੈ ਜੀ।
3) ਬਿਰਧ ਸਰੂਪਾਂ ਦੀ ਸੇਵਾ ਸੰਭਾਲ ਬਾਰੇ: ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਪੋਥੀਆਂ, ਗੁਟਕਾ ਸਾਹਿਬ ਜੀ ਦੀ ਨਿਸ਼ਕਾਮ ਸੇਵਾ ਸੰਭਾਲ ਨਿਰੰਤਰ ਕਈ ਸਾਲਾਂ ਤੋਂ ਜਾਰੀ ਹੈ ਜੀ।
4) ਚੁਪਹਿਰਾ ਸਮਾਗਮ : ਇਸ ਅਸਥਾਨ ਤੇ ਹਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਚੁਪਹਿਰਾ ਸਮਾਗਮ ਕਰਵਾਏ ਜਾਂਦੇ ਹਨ। ਜਿਸ ਵਿੱਚ 5 ਪਾਠ ਸ੍ਰੀ ਜਪੁਜੀ ਸਾਹਿਬ ਜੀ, 2 ਪਾਠ ਸ੍ਰੀ ਚੌਪਈ ਸਾਹਿਬ ਜੀ, 1 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਅਤੇ 1ਪਾਠ ਸ੍ਰੀ ਅਨੰਦ ਸਾਹਿਬ ਜੀ ਸੰਗਤੀ ਰੂਪ ਵਿੱਚ ਕੀਤੇ ਜਾਂਦੇ ਹਨ ਜੀ।
5) ਡੇਅਰੀ ਫਾਰਮ ਬਾਰੇ : ਇਸ ਅਸਥਾਨ ਤੇ ਧੰਨ-ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਡੇਅਰੀ ਫਾਰਮ ਹੈ ਜਿਸ ਵਿੱਚ 300 ਤੋਂ ਉੱਪਰ ਮੱਝਾਂ ਅਤੇ ਅਮਰੀਕਨ ਗਾਵਾਂ ਇਸ ਅਸਥਾਨ ਤੇ ਚਲਦੇ ਦੁੱਧ, ਚਾਹ, ਲੱਸੀ, ਖੀਰ ਦੇ ਅਤੁੱਟ ਲੰਗਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ ।
6) ਇੱਕ ਸਾਧ ਬਚਨ ਅਟਲਾਧਾ : ਬਾਬਾ ਜੀ ਨੇ 10 ਜੂਨ 2003 ਦਸਵੀਂ ਦੇ ਦਿਹਾੜੇ ਸ਼ਾਮ 7:30 ਵਜੇ ਅਨੁਭਵੀ ਬਚਨ ਕੀਤੇ ਹਨ ਕਿ ਇਸ ਅਸਥਾਨ ਤੇ ਜੋ ਵੀ ਮਾਈ ਭਾਈ ਸ਼ਰਧਾ ਪੂਰਵਕ ਸੱਚੇ ਮਨ ਨਾਲ ਸ੍ਰੀ ਜਪੁਜੀ ਸਾਹਿਬ, ਜਾਪੁ ਸਾਹਿਬ ਜੀ, ਸੁਖਮਨੀ ਸਾਹਿਬ ਜੀ, ਚੌਪਈ ਸਾਹਿਬ ਜੀ ਦੇ ਵੱਧ ਤੋਂ ਵੱਧ ਇਕਾਗਰ ਚਿੱਤ ਹੋ ਕੇ ਪਾਠ ਕਰੇਗਾ ਅਤੇ ਸਿਮਰਨ ਕਰੇਗਾ, ਸਿੰਘ ਸ਼ਹੀਦ ਬਾਬਾ ਜੀ ਉਸਦੀ ਹਰ ਮਨੋਕਾਮਨਾਂ ਸ਼ਰਧਾ ਅਨੁਸਾਰ ਪੂਰੀ ਕਰਨਗੇ ਜੀ।
7) ਡਾਇਗਨੋਸਟਿਕ ਸੈਂਟਰ : ਇਸ ਅਸਥਾਨ ਤੇ  ਧੰਨ-ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਡਾਇਗਨੋਸਟਿਕ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਐੱਮ ਆਰ ਆਈ, ਸੀਟੀ ਸਕੈਨ, ਅਲਟਰਾਸਾਊਂਡ, ਐਕਸ-ਰੇ, ਡੈਂਟਲ ਵਿੰਗ, ਅੱਖਾਂ ਦੇ ਰੋਗਾਂ ਦੇ ਮਾਹਿਰ ਸੰਗਤਾਂ ਲਈ ਬਹੁਤ ਹੀ ਵਾਜਿਬ ਰੇਟਾਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਜੀ।
8) ਡਿਸਪੈਂਸਰੀ ਅਤੇ ਖੂਨ ਦਾਨ ਕੈਂਪ : ਇਸ ਅਸਥਾਨ ਤੇ ਧੰਨ-ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਡਿਸਪੈਂਸਰੀ ਅਤੇ ਫੁੱਲੀ ਕੰਪਿਊਟਰਾਈਜ਼ਡ ਲੈਬੇਰੋਟਰੀ ਚੱਲ ਰਹੀ ਹੈ। ਇਸ ਅਸਥਾਨ ਤੇ ਸ਼ਹੀਦ ਬਾਬਾ ਜੀ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਾਏ ਜਾਂਦੇ ਜੀ ਹਨ ।
9)  ਕੁਸ਼ਤੀ ਦੰਗਲ: ਇਸ ਅਸਥਾਨ ਤੇ ਹਰ ਸਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਧੰਨ-ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ ਕੁਸ਼ਤੀ ਦੰਗਲ ਕਰਵਾਏ ਜਾਂਦੇ ਹਨ। ਜਿਸ ਵਿੱਚ ਦੇਸ਼ ਦੇ ਨਾਮੀ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਂਦੇ ਹਨ ।  10) ਗੁਪਤ ਦਾਨੀਆਂ ਦੀਆਂ ਸੇਵਾਵਾਂ: ਇਸ ਅਸਥਾਨ ਤੇ ਬਾਬਾ ਜੀ ਦੇ ਸਤਿਕਾਰ ਵਿੱਚ ਦਾਨੀ ਸੱਜਣਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਪਿਕਅੱਪ, ਮਹਿੰਦਰਾ ਜਾਇਲੋ, ਕਵਾਲਿਸ, ਮਰਾਜੋ ਸਕਾਰਪੀਓ ਅਤੇ 2 ਆਲੀਸ਼ਾਨ ਏ.ਸੀ. ਬੱਸਾਂ ਭੇਟ ਕੀਤੀਆਂ ਗਈਆਂ ਹਨ।  ਇਸ ਤੋਂ ਇਲਾਵਾ ਟਾਟਾ 207, ਟਾਟਾ 709, ਮਹਿੰਦਰਾ ਯੂਟੀਲਿਟੀ, ਮਹਿੰਦਰਾ ਬਲੈਰੋ, ਮਹਿੰਦਰ ਕੈਂਪਰ, ਮਹਿੰਦਰਾ ਮਿੰਨੀ ਟਰੱਕ 3200, ਟਾਟਾ ਐੱਲ ਪੀ ਟਰੱਕ, ਅਸ਼ੋਕਾ ਲੇਲੈਂਡ ਟਰੱਕ, 2 ਟਰੈਕਟਰ ਮਹਿੰਦਰਾ ਅਰਜਨ, 3 ਟਰੈਕਟਰ ਸਵਰਾਜ, ਇੱਕ ਫੋਰਡ ਟਰੈਕਟਰ, ਕਈ ਮੋਟਰਸਾਇਕਲ, ਬੇਅੰਤ ਮਾਇਆ, ਸੋਨਾ ਆਦਿਕ ਗੁਪਤ ਅਤੇ ਪ੍ਰਤੱਖ ਰੂਪ ਵਿੱਚ ਕਾਰ ਸੇਵਾ ਲਈ ਇਸ ਅਸਥਾਨ ਤੇ ਭੇਂਟ ਕੀਤੇ ਗਏ ਹਨ ਜੀ।
11) ਆਉਣ ਵਾਲੇ ਸਮੇਂ ਵਿੱਚ ਸ਼ੁਰੂ ਹੋਣ ਵਾਲੀਆਂ ਸੇਵਾਵਾਂ : ਬਹੁਮੰਜਿਲੀ ਅਤਿਆਧੂਨਿਕ ਪਾਰਕਿੰਗ, ਗੁਰਮਤਿ ਸਕੂਲ, ਗੁਰਮਤਿ ਲਾਇਬੇ੍ਰਰੀ, ਪਵਿੱਤਰ ਸਰੋਵਰ ਦਾ ਨਵੀਨੀਕਰਨ, ਸਿੱਖ ਅਜਾਇਬ ਘਰ ਦੀਆਂ ਸੇਵਾਵਾਂ ਵਿਚਾਰ ਅਧੀਨ ਹਨ ਜੀ।

ਇਤਿਹਾਸ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ
ਇਹ ਅਸਥਾਨ ਬੁੱਢਾ ਦਲ ਦੇ ਸੱਤਵੇਂ ਜੱਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ (ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ) ਦਾ ਸ਼ਹੀਦੀ ਅਸਥਾਨ ਹੈ । ਬਾਬਾ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ ਜੀ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ18 ਮੱਘਰ 1755 ਈ: ਨੂੰ ਨਾਰੰਗ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਜੀ ਨੂੰ ਜੱਥੇਦਾਰ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਤੋ ਉਪਰੰਤ ਸੰਨ 1823 ਈ: ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਥਾਪਿਆ ਗਿਆ ।
ਸਿੱਖ ਰਾਜ ਦੇ ਮਹਾਨ ਥੰਮ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋ ਬਾਅਦ ਦਸੰਬਰ 1845 ਈ: ਨੂੰ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰ ਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ। ਉਸ ਵੇਲੇ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਰਾਹੀਂ, ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ ਬੁੱਢਾ ਦਲ ਦੇ ਨਾਮ ਸੰਦੇਸ਼ ਲਿਖ ਕੇ ਪੰਥ ਦੇ ਸੱਤਵੇਂ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ (ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ) ਦੇ ਪਾਸ ਸ੍ਰੀ ਅੰਮਿ੍ਰਤਸਰ ਬੇਨਤੀ ਕੀਤੀ। ਬਾਬਾ ਜੀ ਨੇ ਉਸੇ ਵੇਲੇ 32000 ਸਿੰਘਾਂ ਸਮੇਤ ਮੈਦਾਨੇ ਜੰਗ ਲਈ ਚਾਲੇ ਪਾ ਦਿੱਤੇ। ਮੁੁਦਕੀ ਅਤੇ ਫੇਰੂ ਸ਼ਹਿਰ ਪਹੁੰਚ ਕੇ ਸਿੰਘਾਂ ਅਤੇ ਅੰਗਰੇਜ਼ਾਂ ਵਿੱਚ ਘਮਾਸਾਨ ਯੁੱਧ ਹੋਇਆ, ਜਿਸ ਵਿੱਚ ਸਿੰਘਾਂ ਨੇ ਅੰਗਰੇਜ਼ਾਂ ਦੀ ਦਸ ਹਜ਼ਾਰ ਤੋਂ ਵਧੇਰੇ ਫੋਜ ਨੂੰ ਮੌਤ ਦੇ ਘਾਟ ਉਤਾਰਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਮੈਦਾਨੇ ਜੰਗ ਵਿਚੋੱ ਭਾਜੜਾਂ ਪੁਆ ਦਿੱਤੀਆਂ । ਇਹ ਬਿ੍ਰਟਿਸ਼ ਰਾਜ ਖਿਲਾਫ ਸਿੱਖ ਰਾਜ ਦੀ ਪਹਿਲੀ ਲਹੂ ਵੀਟਵੀ ਜੰਗ ਸੀ।
ਬੁੱਢਾ ਦਲ ਪਟਿਆਲੇ ਨਿਹੰਗ ਸਿੰਘਾਂ ਦੇ ਟੋਭੇ ਤੇ ਪਹੁੰਚ ਗਿਆ, ਅੰਗਰੇਜ਼ਾਂ ਦਾ ਇੱਕ ਝੋਲੀ ਚੁੱਕ ਕਰਮ ਸਿੰਘ ਜੋ ਕਿ  ਸਿੱਖੀ ਕਿਰਦਾਰ ਤੋਂ ਡਿੱਗ ਚੁੱਕਿਆ ਸੀ ਅੰਗਰੇਜ਼ਾਂ ਨਾਲ ਰਲ ਗਿਆ । ਉਸ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਿੰਘਾਂ ਤੇ ਤੋਪਾਂ ਨਾਲ ਹਮਲਾ ਕਰਵਾ ਦਿੱਤਾ, ਜਿਸ ਵਿੱਚ 15 ਕੁ ਹਜ਼ਾਰ ਸਿੰਘ ਸ਼ਹੀਦ ਹੋ ਗਏ । ਜਿਨ੍ਹਾਂ ਦਾ ਅੰਗੀਠਾ ਸਹਿਬ ਗੁ: ਸ੍ਰੀ ਦੁੱਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਬੋਹੜ ਦੇ ਹੇਠਾਂ ਜੋਤ ਵਾਲੀ ਥਾਂ ਤੇ ਹੈ। ਅਖੀਰ ਸਿੰਘਾਂ ਨੇ ਲੜਦਿਆਂ-ਲੜਦਿਆਂ ਘੜਾਮ ਵੱਲ ਚਾਲੇ ਪਾ ਦਿੱਤੇ। ਘੜਾਮ ਪੁੱਜ ਕੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਤੋਪ ਦਾ ਗੋਲਾ ਲੱਗਣ ਕਾਰਨ ਸਖਤ ਜਖਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਰਾਜਪੁਰਾ ਹੁੰਦੇ ਹੋਏ ਨਗਰ ਸੋਹਾਣਾ ਵਿਖੇ ਪਹੁੰਚੇ ਅਤੇ ਹਜ਼ਾਰਾਂ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿੱਚ ਇਸ ਅਸਥਾਨ ਤੇ ਸ਼ਹੀਦੀ ਦਾ ਜਾਮ ਪੀ ਗਏ ।
ਇਸ ਸਥਾਨ ਦੀ ਇੰਨੀ ਮਹਿੰਮਾ ਹੈ ਕਿ ਵਿਸ਼ਵ ਪ੍ਰਸਿੱਧ ਕਿ੍ਰਕਟ ਦੇ ਖਿਡਾਰੀ ਹਰਭਜਨ ਸਿੰਘ, ਯੁਵਰਾਜ ਸਿੰਘ, ਸ਼ਿਖਰ ਧਵਨ ਅਤੇ ਹੋਰ ਪ੍ਰਸਿੱਧ ਖਿਡਾਰੀ ਬਾਬਾ ਜੀ ਦੀ ਕਿ੍ਰਪਾ ਪ੍ਰਾਪਤ ਕਰਨ ਲਈ ਆਉਂਦੇ ਰਹਿੰਦੇ ਹਨ। ਜਦੋਂ ਇਸ ਸਥਾਨ ਦੀ ਖੁਦਾਈ ਕੀਤੀ ਗਈ ਸੀ ਤਾਂ ਇੱਥੇ ਉਸ ਸਮੇਂ ਦਾ ਗੋਲਾ ਬਾਰੂਦ ਵੀ ਪ੍ਰਾਪਤ ਹੋਇਆ ਸੀ।
ਇਸ ਅਸਥਾਨ ਤੇ ਮਿਤੀ 3 ਦਸੰਬਰ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ ਜੀ । ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।  ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਭਾਈ ਸਤਨਾਮ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ,  ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ, ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਮੀਰੀ-ਪੀਰੀ ਖਾਲਸਾ ਕੀਰਤਨੀ ਜੱਥਾ ਜਗਾਧਰੀ ਵਾਲੇ, ਭਾਈ ਬਲਬੀਰ ਸਿੰਘ ਜੀ ਪਾਰਸ ਅਤੇ ਅੰਮਿ੍ਰਤਸਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਬੀਬੀ ਦਲੇਰ ਕੌਰ ਖਾਲਸਾ ਅਤੇ ਨਕੋਦਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਭਾਈ ਗੁਰਪ੍ਰੀਤ ਸਿੰਘ ਖਾਲਸਾ ਦਾ ਇੰਟਰਨੈਸ਼ਨਲ ਢਾਡੀ ਜੱਥਾ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ।  ਇਸ ਦਿਨ ਸਮੂਹ ਮਾਨਵਤਾ ਦੇ ਭਲੇ ਲਈ ਵਿਸ਼ਾਲ ਖੂਨਦਾਨ ਕੈਂਪ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਲਗਾਇਆ ਜਾਵੇਗਾ ਜੀ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ ਜੀ ।

Related Post

Leave a Reply

Your email address will not be published. Required fields are marked *