ਸਮਾਂ ਪੁਗਾ ਚੁੱਕੇ ਦਰੱਖਤਾਂ ਦੀ ਕਟਾਈ ਅਤੇ 25 ਫੁੱਟ ਤੱਕ ਦਰੱਖਤਾਂ ਦੀ ਛੰਗਾਈ ਦਾ ਪ੍ਰਾਵਧਾਨ ਕਰਨ ਲਈ ਡਿਪਟੀ ਮੇਅਰ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ 25 ਫੁੱਟ ਤੋਂ ਵੱਧ ਉਚਾਈ ਹਾਸਲ ਕਰਨ ਵਾਲੇ ਬੂਟੇ ਨਾ ਲਗਾਏ ਜਾਣ : ਕੁਲਜੀਤ ਸਿੰਘ ਬੇਦੀ

By Firmediac news May 26, 2023
Spread the love
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਬਹੁਤ ਉੱਚੇ ਅਤੇ ਪੁਰਾਣੇ ਹੋ ਚੁੱਕੇ ਦਰਖਤਾਂ ਦਾ ਬੰਦੋਬਸਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹਨੇਰੀ ਦੇ ਮੌਸਮ ਵਿਚ ਹਰ ਵਾਰ ਹੀ ਵੱਡੀ ਗਿਣਤੀ ਵਿੱਚ ਦਰਖਤ ਡਿੱਗ ਰਹੇ ਹਨ ਅਤੇ ਇਸ ਨਾਲ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਲੋਕਾਂ ਦੇ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਹੈ ਕਿ ਹਾਲੇ ਤੱਕ ਦਰਖਤਾਂ ਦੇ ਡਿਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅਜਿਹਾ ਜਾਪਦਾ ਹੈ ਕਿ ਸਰਕਾਰ ਅਜਿਹੀ ਕਿਸੇ ਘਟਨਾ ਦੀ ਉਡੀਕ ਵਿੱਚ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਦੇ ਲਗਭਗ ਸਾਰੇ ਹੀ ਪੁਰਾਣੇ ਸੈਕਟਰਾਂ ਅਤੇ ਫੇਜ਼ਾਂ ਵਿੱਚ ਦਰਖਤਾਂ ਦੀ ਉਚਾਈ 50-60 ਫੁੱਟ ਤੱਕ ਹੋ ਚੁੱਕੀ ਹੈ। ਇਹ ਨਹੀਂ ਬਹੁਤ ਪੁਰਾਣੇ ਹੋ ਚੁੱਕੇ ਦਰਖਤ ਅੰਦਰੋਂ ਖੋਖਲੇ ਹੋ ਚੁੱਕੇ ਹਨ ਅਤੇ ਇਸੇ ਕਰਕੇ ਇਹ ਦਰਖਤ ਡਿਗਦੇ ਹਨ ਅਤੇ ਨੁਕਸਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਅਜਿਹੇ ਦਰਖ਼ਤ ਬਿਜਲੀ ਦੀਆਂ ਤਾਰਾਂ ਵਿੱਚੋਂ ਦੀ ਲੰਘਦੇ ਹਨ ਅਤੇ ਜਦੋਂ ਇਹਨਾਂ ਦਰਖਤਾਂ ਦੇ ਟਾਹਣੇ ਜਾਂ ਇਹ ਦਰਖਤ ਡਿਗਦੇ ਹਨ ਤਾਂ ਕਈ ਕਈ ਘੰਟੇ ਬਿਜਲੀ ਦੀ ਸਪਲਾਈ ਪ੍ਰਭਾਵਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੁਹਾਲੀ ਦੇ ਵਸਨੀਕ ਰਹੇ ਹਨ ਅਤੇ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਮੁਹਾਲੀ ਦੇ ਜ਼ਿਆਦਾਤਰ ਪਾਰਕਾਂ ਅਤੇ ਸੜਕਾਂ ਉੱਤੇ ਉੱਚੇ ਉਚੇ ਦਰਖਤ ਲੱਗੇ ਹੋਏ ਹਨ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਅਪਣਾ ਸਮਾ ਪੁਗਾ ਚੁੱਕੇ ਹਨ ਦਰਖਤਾਂ ਨੂੰ ਪੁਟਵਾ ਕੇ ਉਨ੍ਹਾਂ ਦੀ ਥਾਂ ਨਵੇਂ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਨਵੇਂ ਬੂਟੇ ਵੀ ਅਜਿਹੇ ਲਗਾਏ ਜਾਣ ਜਿਨ੍ਹਾਂ ਦੀ ਉਚਾਈ ਵੀ 25 ਫੁੱਟ ਤੋਂ ਉੱਤੇ ਨਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਉੱਚੇ ਹੋ ਚੁੱਕੇ ਦਰਖਤਾਂ ਦੀ ਉਚਾਈ ਸੀਮਤ ਕੀਤੀ ਜਾਵੇ ਅਤੇ 25 ਫੁੱਟ ਉਚਾਈ ਤੱਕ ਦਰਖਤਾਂ ਦੀ ਛੰਗਾਈ ਕਰਨ ਲਈ ਕੋਈ ਪ੍ਰਾਵਧਾਨ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਫੌਰੀ ਤੌਰ ਤੇ ਕੋਈ ਉਪਰਾਲਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹਨੇਰੀਆਂ ਨਾਲ ਜੇਕਰ ਦਰਖਤਾਂ ਦੇ ਡਿੱਗਣ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਇਸ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਵੀ ਭੇਜੀ ਗਈ ਹੈ।

Related Post

Leave a Reply

Your email address will not be published. Required fields are marked *