ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ
ਸ਼ਹਿਰੀ ਮੁੱਦਿਆਂ ਦੇ ਹੱਲ ਲਈ ਗਮਾਡਾ ਅਤੇ ਨਗਰ ਨਿਗਮ ਨੇ ਕੀਤੀ ਸਾਂਝੀ ਮੀਟਿੰਗ…
ਸ਼ਹਿਰ ਦੀ ਨੁਹਾਰ ਬਦਲਣ ਲਈ ਦੋਵੇਂ ਦਫਤਰ ਮਿਲ ਕੇ ਕਰਨਗੇ ਕੰਮ ....
ਐਸ.ਏ.ਐਸ.ਨਗਰ, 30 ਮਈ, 2023 : ਨਗਰ ਨਿਗਮ, ਮੁਹਾਲੀ ਅਤੇ ਗਮਾਡਾ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਸਾਂਝੀ ਮੀਟਿੰਗ ਅੱਜ ਪੁੱਡਾ ਭਵਨ ਵਿਖੇ ਹੋਈ ਜਿਸ ਵਿੱਚ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਕੁਮਾਰ ਗੁਪਤਾ ਨੇ ਕੀਤੀ।
ਮੀਟਿੰਗ ਦੌਰਾਨ ਗਮਾਡਾ ਦੇ ਇੰਜਨੀਅਰਿੰਗ ਵਿੰਗ ਨੇ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਦੇ ਧਿਆਨ ਵਿੱਚ ਲਿਆਂਦਾ ਕਿ ਸੈਕਟਰ 83 ਵਿਖੇ ਸਥਿਤ ਐਸਟੀਪੀ ਤੋਂ ਮੁਹਾਲੀ ਸ਼ਹਿਰ ਤੱਕ ਟਰਸ਼ਰੀ ਪਾਣੀ ਦੀ ਪਾਈਪ ਲਾਈਨ ਵਿਛਾਉਣ ਸਬੰਧੀ ਪਲਾਨ ਨਿਗਮ ਨੂੰ ਵਿਚਾਰਨ ਹਿੱਤ ਭੇਜੇ ਗਏ ਹਨ। ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਉਣਗੇ ਤਾਂ ਜੋ ਲੋੜੀਂਦੀ ਕਾਰਵਾਈ ਕਰਨ ਉਪਰੰਤ ਇਸ ਸਬੰਧੀ ਬਣਦੀ ਰਿਪੋਰਟ ਗਮਾਡਾ ਨੂੰ ਜਲਦੀ ਤੋਂ ਜਲਦੀ ਦਿੱਤੀ ਜਾ ਸਕੇ।
ਨਿਗਮ ਦੇ ਅਧਿਕਾਰੀਆਂ ਨੇ ਗਮਾਡਾ ਤੋਂ 104 ਮੀਟਰ ਉੱਚੀ ਫਾਇਰ ਲਿਫਟ ਅਤੇ ਸਵੀਪਿੰਗ ਮਸ਼ੀਨ ਦੀ ਖਰੀਦ ਲਈ ਫੰਡਾਂ ਦੀ ਮੰਗ ਰੱਖੀ। ਉਨ੍ਹਾਂ ਨੇ ਸੈਕਟਰ 76-80 ਵਿੱਚ ਵਿਕਾਸ ਕਾਰਜ ਕਰਵਾਉਣ ਲਈ ਵੀ ਫੰਡਾਂ ਦੀ ਮੰਗ ਕੀਤੀ। ਇਸ ਸਬੰਧੀ ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਗਮਾਡਾ ਦੇ ਇੰਜਨੀਅਰਿੰਗ ਵਿੰਗ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਕੰਮਾਂ ਸਬੰਧੀ ਜਲਦੀ ਤੋਂ ਜਲਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜਾਣੂ ਕਰਵਾਉਣ। ਇਹਨਾਂ ਮੁੱਦਿਆਂ ਤੋਂ ਇਲਾਵਾ ਸ਼ਹਿਰ ਵਿੱਚ ਹਾਦਸਿਆਂ ਨੂੰ ਘਟਾਉਣ ਲਈ ਦੁਰਘਟਨਾ ਸੰਭਾਵਤ ਸਥਾਨਾਂ ‘ਤੇ ਚੌਕਾਂ ਦੀ ਸਥਾਪਨਾ ਅਤੇ ਸ਼ਹਿਰ ਦੇ ਸੁੰਦਰੀਕਰਨ ਸਬੰਧੀ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਸ੍ਰੀ ਗੁਪਤਾ ਨੇ ਦੱਸਿਆ ਕਿ ਗਮਾਡਾ ਅਤੇ ਨਗਰ ਨਿਗਮ ਦੋਵੇਂ ਸ਼ਹਿਰ ਦੇ ਵਿਕਾਸ ਦੀ ਦੇਖ-ਰੇਖ ਕਰ ਰਹੇ ਹਨ ਅਤੇ ਕੁਝ ਇਲਾਕੇ ਅਜਿਹੇ ਹਨ ਜੋ ਕਿ ਦੋਵਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਇਸ ਲਈ ਇਹ ਸੋਚਿਆ ਗਿਆ ਕਿ ਇਕੱਠੇ ਬੈਠ ਕੇ ਉਨ੍ਹਾਂ ਮੁੱਦਿਆਂ ‘ਤੇ ਵਿਚਾਰ ਕੀਤਾ ਜਾਵੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਜ਼ਰੂਰਤ ਹੈ। ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਦੋਵਾਂ ਦਫ਼ਤਰਾਂ ਦੇ ਇੰਜਨੀਅਰਿੰਗ ਵਿੰਗਾਂ ਨੂੰ ਅੱਜ ਵਿਚਾਰੇ ਗਏ ਨੁਕਤਿਆਂ ‘ਤੇ ਕੰਮ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਜਲਦੀ ਹੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਜਾਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਵਧੀਕ ਮੁੱਖ ਪ੍ਰਸ਼ਾਸਕ, ਗਮਾਡਾ; ਸ਼੍ਰੀ ਬਲਵਿੰਦਰ ਸਿੰਘ, ਚੀਫ ਇੰਜਨੀਅਰ, ਗਮਾਡਾ, ਸ੍ਰੀ ਨਰੇਸ਼ ਬੱਤਾ, ਨਿਗਰਾਨ ਇੰਜਨੀਅਰ, ਐਮ.ਸੀ., ਮੁਹਾਲੀ; ਸ੍ਰੀ ਅਜੇ ਗਰਗ, ਨਿਗਰਾਨ ਇੰਜਨੀਅਰ, ਗਮਾਡਾ ਅਤੇ ਦੋਵੇਂ ਦਫ਼ਤਰਾਂ ਦੇ ਇੰਜਨੀਅਰਿੰਗ ਵਿੰਗ ਦੇ ਹੋਰ ਅਧਿਕਾਰੀ ਸ਼ਾਮਿਲ ਸਨ।