ਸਿਵਲ ਸਰਜਨ ਵਲੋਂ ਡਾਇਰੀਆ ਪ੍ਰਭਾਵਤ ਪਿੰਡ ਧੀਰੇਮਾਜਰਾ ਦਾ ਦੌਰਾ, ਦਿਤੀਆਂ ਜ਼ਰੂਰੀ ਹਦਾਇਤਾਂ

By Firmediac news Jun 17, 2023
Spread the love

ਸਿਵਲ ਸਰਜਨ ਵਲੋਂ ਡਾਇਰੀਆ ਪ੍ਰਭਾਵਤ ਪਿੰਡ ਧੀਰੇਮਾਜਰਾ ਦਾ ਦੌਰਾ, ਦਿਤੀਆਂ ਜ਼ਰੂਰੀ ਹਦਾਇਤਾਂ
ਪ੍ਰਭਾਵਤ ਲੋਕਾਂ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ : ਡਾ. ਮਹੇਸ਼ ਕੁਮਾਰ
ਮੋਹਾਲੀ, 17 ਜੂਨ : ਲਾਲੜੂ ਲਾਗਲੇ ਪਿੰਡ ਧੀਰੇਮਾਜਰਾ ਵਿਚ ਬੁਖ਼ਾਰ ਅਤੇ ਉਲਟੀਆਂ ਦੇ ਕੁਝ ਮਾਮਲੇ ਸਾਹਮਣੇ ਆਉਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਨਵ-ਨਿਯੁਕਤ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਪਿੰਡ ਦਾ ਦੌਰਾ ਕੀਤਾ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਉਨ੍ਹਾਂ ਦਸਿਆ ਕਿ ਇਸ ਪਿੰਡ ਦੇ ਕੁੱਝ ਲੋਕਾਂ ਦੇ ਬੀਮਾਰ ਹੋਣ ਮਗਰੋਂ ਸਿਹਤ ਵਿਭਾਗ ਨੇ ਫੁਰਤੀ ਵਿਖਾਉਂਦਿਆਂ ਪਿੰਡ ਵਿਚ ਜਿਥੇ ਮੈਡੀਕਲ ਕੈਂਪ ਲਗਾਇਆ, ਉਥੇ ਘਰ-ਘਰ ਸਰਵੇ ਸ਼ੁਰੂ ਕੀਤਾ। ਉਨ੍ਹਾਂ ਦਸਿਆ ਕਿ ਪਿੰਡ ਦੇ ਪ੍ਰਭਾਵਤ ਏਰੀਏ ਵਿਚ ਹੋ ਰਹੀ ਪਾਣੀ ਦੀ ਸਪਲਾ ਈ ਦੀਆਂ ਲਾਈਨਾਂ ’ਚੋਂ ਪਾਣੀ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰੀਪੋਰਟ ਜਲਦ ਹੀ ਆ ਜਾਵੇਗੀ। ਉਨ੍ਹਾਂ ਦਸਿਆ ਕਿ ਪ੍ਰਭਾਵਤ ਏਰੀਏ ਵਿਚ ਪਾਣੀ ਦੀ ਸਪਲਾਈ ਦੀ ਲਾਈਨ ਪਹਿਲਾਂ ਹੀ ਬੰਦ ਕਰਵਾ ਦਿਤੀ ਗਈ ਸੀ। ਸਿਵਲ ਸਰਜਨ ਨੇ ਮੈਡੀਕਲ ਕੈਂਪ ਦਾ ਨਿਰੀਖਣ ਕਰਨ ਤੋਂ ਇਲਾਵਾ ਮਰੀਜ਼ਾਂ ਦੇ ਘਰਾਂ ਵਿਚ ਜਾ ਕੇ ਵੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਮਰੀਜ਼ਾਂ ਦੀ ਸਿਹਤ ਦਾ ਪੂਰਾ ਖ਼ਿਆਲ ਰਖਿਆ ਜਾ ਰਿਹਾ ਹੈ।
ਸਿਵਲ ਸਰਜਨ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਉਬਾਲ ਕੇ ਪੀਣ ਅਤੇ ਬੁਖ਼ਾਰ ਜਾਂ ਹੋਰ ਸਬੰਧਤ ਬੀਮਾਰੀ ਦੇ ਮਾੜੇ-ਮੋਟੇ ਲੱਛਣ ਦਿਸਣ ’ਤੇ ਹੀ ਨਜ਼ਦੀਕੀ ਸਿਹਤ ਕੇਂਦਰ ਵਿਚ ਪਹੁੰਚਣ। ਉਨ੍ਹਾਂ ਕਿਹਾ ਕਿ ਅਕਸਰ ਹੀ ਪੀਣ ਵਾਲੇ ਪਾਣੀ ਦੇ ਗੰਧਲੇਪਣ ਕਾਰਨ ਅਜਿਹੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਸਭ ਨੂੰ ਫ਼ਿਲਟਰ ਕੀਤਾ ਪਾਣੀ ਜਾਂ ਉਬਾਲਿਆ ਪਾਣੀ ਪੀਣਾ ਚਾਹੀਦਾ ਹੈ ਖ਼ਾਸਕਰ ਬਰਸਾਤ ਦੇ ਮੌਸਮ ਵਿਚ ਇਹ ਬੇਹੱਦ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਸਿਆ ਕਿ ਸੀਨੀਅਰ ਸਿਹਤ ਅਧਿਕਾਰੀਆਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਬੀਮਾਰ ਲੋਕਾਂ ਸਮੇਤ ਸਮੁੱਚੇ ਹਾਲਾਤ ’ਤੇ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ। ਪ੍ਰਭਾਵਤ ਲੋਕਾਂ ਨੂੰ ਓ.ਆਰ.ਐਸ. ਦੇ ਪੈਕੇਟ ਅਤੇ ਜ਼ਰੂਰੀ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਹਸਪਤਾਲ ਵਿਚ ਦਾਖ਼ਲ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ ਕਿ ਹੋਰ ਲੋਕ ਬੀਮਾਰੀ ਦੀ ਲਪੇਟ ਵਿਚ ਨਾ ਆਉਣ ਅਤੇ ਮਰੀਜ਼ ਜਲਦ ਤੋਂ ਜਲਦ ਰਾਜ਼ੀ ਹੋਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਐਸ.ਐਮ.ਓ. ਡਾ. ਧਰਮਿੰਦਰ ਸਿੰਘ, ਡਾ. ਨਵੀਨ ਕੌਸ਼ਿਕ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Related Post

Leave a Reply

Your email address will not be published. Required fields are marked *