ਸਿਹਤ ਵਿਭਾਗ ਮੋਹਾਲੀ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦਾ ‘ਪਿੱਟ-ਸਿਆਪਾ’ ਮੁਲਾਜ਼ਮਾਂ ਦੀ ‘ਕਲਮ-ਛੋੜ’ ਹੜਤਾਲ 23ਵੇਂ ਦਿਨ ’ਚ ਦਾਖ਼ਲ

By Firmediac news Dec 1, 2023
Spread the love

ਮੋਹਾਲੀ, 1 ਦਸੰਬਰ : ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਸਥਾਨਕ ਸਿਵਲ ਸਰਜਨ ਦਫ਼ਤਰ  ਅਤੇ ਜ਼ਿਲ੍ਹਾ ਸਿਹਤ ਵਿਭਾਗ ਅਧੀਨ ਵੱਖ-ਵੱਖ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ‘ਕਲਮ-ਛੋੜ’ ਹੜਤਾਲ ਜ਼ੋਰਦਾਰ ਤਰੀਕੇ ਨਾਲ ਜਾਰੀ ਹੈ। ਅੱਜ ਇਸ ਸਬੰਧ ’ਚ ਸਿਵਲ ਸਰਜਨ ਦਫ਼ਤਰ ਵਿਖੇ ਵੱਡੀ ਇਕੱਤਰਤਾ ਹੋਈ ਜਿਸ ਦੌਰਾਨ ਪੰਜਾਬ ਸਰਕਾਰ ਵਿਰੁਧ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ ਅਤੇ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਤੇ ਹੋਰ ਮੰਗਾਂ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਮਨਿਸਟੀਰੀਅਲ ਮੁਲਾਜ਼ਮ ਯੂਨੀਅਨ ਦੀ ਹੜਤਾਲ ਨੂੰ ਪੀ.ਸੀ.ਐਮ.ਐਸ. ਐਸੋਸੀਏਸ਼ਨ, ਮਾਸ ਮੀਡੀਆ ਐਸੋਸੀਏਸ਼ਨ, ਫ਼ਾਰਮੇਸੀ ਐਸੋ., ਮੈਡੀਕਲ ਲੈਬ ਐਸੋ., ਹੈਲਥ ਇੰਸਪੈਕਟਰ, ਵਰਕਰ ਐਸੋ., ਪੈਰਾ ਮੈਡੀਕਲ, ਡਰਾਇਵਰ ਯੂਨੀਅਨ ਤੇ ਦਰਜਾ ਚਾਰ ਮੁਲਾਜ਼ਮ ਯੂਨੀਅਨ ਸਮੇਤ ਸਾਰਿਆਂ ਨੇ ਸਮਰਥਨ ਦਿਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਯੋਗੇਸ਼ ਕੁਮਾਰ ਤੇ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਨਹੀਂ ਕੀਤੀ ਜਿਸ ਕਾਰਨ ਮੁਲਾਜ਼ਮਾਂ ਅੰਦਰ ਡਾਢਾ ਰੋਸ ਤੇ ਗੁੱਸਾ ਹੈ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ, ਬੰਦ ਕੀਤੇ ਗਏ ਵੱਖ-ਵੱਖ ਭੱਤੇ ਮੁੜ ਚਾਲੂ ਕਰਵਾਉਣ ਸਮੇਤ ਹੋਰ ਕਈ ਮੰਗਾਂ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਚ ਦੇ ਸੱਦੇ ਮੁਤਾਬਕ ਸਮੂਹ ਮੁਲਾਜ਼ਮ 6 ਦਸੰਬਰ ਤਕ ਹੜਤਾਲ ’ਤੇ ਹਨ। ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੰਚ ਦੇ ਫ਼ੈਸਲੇ ਮੁਤਾਬਕ ਅਗਲੇਰੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਇਹ ਜਾਇਜ਼ ਮੰਗ ਤੁਰੰਤ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤਕ ਹਰ ਦੀਵਾਲੀ ਮੌਕੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਸਨ ਪਰ ਮੌਜੂਦਾ ਸਰਕਾਰ ਨੇ ਮੁਲਾਜ਼ਮਾਂ ਨੂੰ ਬਿਲਕੁਲ ਹੀ ਅਣਗੌਲਿਆ ਕਰਦਿਆਂ ਕਿਸ਼ਤ ਜਾਰੀ ਨਹੀਂ ਕੀਤੀ ਹਾਲਾਂਕਿ ਕੇਂਦਰ ਸਰਕਾਰ ਨੇ ਕਿਸ਼ਤਾਂ ਜਾਰੀ ਕਰਨ ਦਾ ਐਲਾਨ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਉਹ ਦਫ਼ਤਰਾਂ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ ਪਰ ਉਨ੍ਹਾਂ ਦੀ ਪ੍ਰੇਸ਼ਾਨੀ ਪਿੱਛੇ ਮੁਲਾਜ਼ਮ ਨਹੀਂ ਸਗੋਂ ਸਰਕਾਰ ਦੀਆਂ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਸਾਡੀਆਂ ਮੰਗਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਮੁਲਾਜ਼ਮ ਆਗੂ ਯੋਗੇਸ਼ ਕੁਮਾਰ, ਦਵਿੰਦਰ ਸਿੰਘ, ਆਲੋਕ ਗੁਪਤਾ ਤੇ ਹੋਰ ਹਾਜ਼ਰ ਸਨ।

Related Post

Leave a Reply

Your email address will not be published. Required fields are marked *