ਸਿਹਤ ਵਿਭਾਗ ਵਲੋਂ ਮੀਂਹ ਪ੍ਰਭਾਵਿਤ ਖੇਤਰਾਂ ‘ਚ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ 

By Firmediac news Jul 11, 2023
Spread the love
ਸਿਹਤ ਵਿਭਾਗ ਵਲੋਂ ਮੀਂਹ ਪ੍ਰਭਾਵਿਤ ਖੇਤਰਾਂ ‘ਚ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ
ਹੜ੍ਹ ਤੇ ਮੀਂਹ ਦੇ ਹਾਲਾਤ ਨਾਲ ਨਜਿੱਠਣ ਲਈ ਰੈਪਿਡ ਰਿਸਪਾਂਸ ਟੀਮਾਂ ਸਰਗਰਮ : ਡਾ. ਸੁਰਿੰਦਰਪਾਲ ਕੌਰ
ਘਰ-ਘਰ ਜਾ ਕੇ ਓ.ਆਰ.ਐਸ ਦੇ ਪੈਕੇਟ ਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ
ਐਸ.ਏ.ਐਸ.ਨਗਰ/ਖਰੜ 11 ਜੁਲਾਈ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਭਾਰੀ ਮੀਂਹ ਤੋਂ ਬਾਅਦ ਲੋਕਾਂ ਦੀ ਸਿਹਤ ਸਬੰਧੀ ਚੌਕਸੀ ਵਰਤਦਿਆਂ ਵਿਸ਼ੇਸ਼ ਤੌਰ ਉਤੇ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਘੜੂੰਆਂ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਸਿਹਤ ਬਲਾਕ ਘੜੂੰਆਂ ਅਧੀਨ ਮੈਡੀਕਲ ਟੀਮਾਂ ਵਲੋਂ ਮੋਹਾਲੀ ਤੇ ਖਰੜ ਨਾਲ ਲੱਗਦੇ ਸ਼ਹਿਰ ਦੇ ਸਲੱਮ ਖੇਤਰਾਂ ਅਤੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਹੜ੍ਹ ਅਤੇ ਮੀਂਹ ਦੇ ਹਾਲਾਤ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ 25 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਹੋਇਆ ਹੈ, ਜੋ ਪ੍ਰਭਾਵਿਤ ਖੇਤਰਾਂ ਵਿਚ ਸਿਹਤ ਸਬੰਧਿਤ ਮੱਦਦ ਕਰ ਰਹੀਆਂ ਹਨ।
ਐਸ.ਐਮ.ਓ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਬਲਾਕ ਘੜੂੰਆਂ ਅਧੀਨ ਮੈਡੀਕਲ ਟੀਮਾਂ ਵਲੋਂ ਬੱਡਮਾਜਰਾ, ਦਾਉਂ, ਚੱਪੜਚਿੜੀ, ਰੁੜਕਾ, ਨਵਾਂ ਗਾਉਂ ਤੇ ਘੜੂੰਆਂ ਵਿਖੇ ਕੈਂਪ ਲਗਾਇਆਂ, ਜਿਥੇ ਵੱਡੀ ਗਿਣਤੀ  ਵਿੱਚ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਪ੍ਰਸ਼ਾਸਨ ਤੇ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ ਅਤੇ ਜਿਹੜੀਆਂ ਥਾਵਾਂ ਉਤੇ ਮੀਂਹ ਦਾ ਪਾਣੀ ਇਕੱਠਾ ਹੋਇਆ ਹੈ, ਉਥੋਂ ਪਾਣੀ ਕੱਢਿਆ ਜਾ ਰਿਹਾ ਹੈ। ਬਲਾਕ ਅਧੀਨ 25 ਰੈਪਿਡ ਰਿਸਪਾਂਸ ਟੀਮਾਂ ਲਗਾਤਾਰ ਚੌਕਸ ਹਨ ਅਤੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮੱਦਦ ਕਰ ਰਹੀਆਂ ਹਨ। ਪ੍ਰਾਇਮਰੀ ਸਿਹਤ ਕੇਂਦਰਾਂ, ਆਮ ਆਦਮੀ ਕਲੀਨਿਕਾਂ, ਸਬਸਿਡਰੀ ਹੈਲਥ ਸੈਂਟਰਾਂ, ਹੈਲਥ ਤੇ ਵੈਲਨੈਸ ਸੈਂਟਰਾਂ ਤੇ ਸਬ ਸੈਂਟਰਾਂ ਵਿਖੇ ਤਾਇਨਾਤ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵਲੋਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਡਾਇਰੀਆ ਤੇ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰ ਵਲੋਂ ਘਰ-ਘਰ ਜਾ ਕੇ ਓ.ਆਰ.ਐਸ ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਜਦ ਕਿ ਮਲਟੀਪਰਪਜ਼ ਸੁਪਰਵਾਈਜ਼ਰਾਂ ਤੇ ਵਰਕਰਾਂ ਵਲੋਂ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਮੁਹਿੰਮ ਚਲਾਈ ਹੋਈ ਹੈ।
ਪਾਣੀ ਉਬਾਲਕੇ ਵਰਤੋ ਤੇ ਮੱਛਰਾਂ ਤੋਂ ਬਚਾਅ ਰੱਖੋ
ਐਸ.ਐਮ.ਓ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਬਰਸਾਤ ਦੌਰਾਨ ਪਾਣੀ ਪ੍ਰਦੂਸ਼ਿਤ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਕਰਕੇ ਪੀਣ ਵਾਲਾ ਤੇ ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਪਾਣੀ ਪਹਿਲਾਂ ਉਬਾਲ ਲੈਣਾ ਚਾਹੀਦਾ ਹੈ ਜਾਂ ਬੋਤਲਬੰਦ ਪਾਣੀ ਇਸਤੇਮਾਲ ਕਰਨਾ ਚਾਹੀਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖੋ। ਬਿਮਾਰੀ ਦੀ ਰੋਕਥਾਮ ਆਪਣਾ ਖਾਣ-ਪੀਣ ਠੀਕ ਰੱਖਣ ਤੇ ਸਾਫ਼ ਸਫ਼ਾਈ ਦਾ ਵਧੇਰੇ ਧਿਆਨ ਰੱਖਣ ਨਾਲ ਕੀਤੀ ਜਾ ਸਕਦੀ ਹੈ। ਮੱਛਰਾਂ ਤੋਂ ਬਚਾਅ ਲਈ ਪੂਰਾ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੋ ਤੇ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ।

Related Post

Leave a Reply

Your email address will not be published. Required fields are marked *