‘ਆਪ’’ ਦੀ ਸਰਕਾਰ ਨਹੀਂ ਲੈ ਰਹੀ ਹੜ ਪੀੜਤਾਂ ਸਾਰ: ਐਨ.ਕੇ.ਸ਼ਰਮਾ
ਹੜਾਂ ਨੂੰ ਰੋਕਣ ਲਈ ਲੋਕ ਆਪਣੇ ਪੱਧਰ ’ਤੇ ਬਣਾ ਰਹੇ ਹਨ ਬੰਨ
ਸ਼ਾਮਲਾਟ ਜ਼ਮੀਨਾਂ ਦੀ ਠੇਕਾ ਰਕਮ ਵਾਪਸ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ ਸਰਕਾਰ
ਲਾਲੜੂ, 24 ਜੁਲਾਈ
ਲੋਕਾਂ ਨੂੰ ਹਰ ਤਰਾਂ ਦੀਆਂ ਸੁਖ ਸੁਵਿਧਾਵਾਂ ਦੇਣ ਦੇ ਦਮਗਜੇ ਮਾਰਨ ਵਾਲੀ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਹਨ। ਹੜਾਂ ਦੀ ਕਰੋਪੀ ਦੇ ਝੰਬੇ ਹੋਏ ਲੋਕਾਂ ਸਮਝ ਨਹੀਂ ਆ ਰਿਹਾ ਕਿ ਉਹ ਕਿਥੇ ਆਪਣੀ ਫਰਿਆਦ ਕਰਨ ਪਰ ਮੌਜੂਦਾ ਸਰਕਾਰ ਹੜ ਪੀੜਤਾਂ ਦੀ ਮੱਦਦ ਕਰਨ ਨੂੰ ਬਿਲਕੁਲ ਵੀ ਤਿਆਰ ਨਹੀਂ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਹੰਡੇਸਰਾ ਖੇਤਰ ਵਿਚ ਪੈਂਦੇ ਪਿੰਡ ਨਗਲਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਕੀਤਾ। ਉਨਾਂ ਕਿਹਾ ਸਰਕਾਰ ਦੀ ਅਣਗਹਿਲੀ ਕਰਕੇ ਇਥੇ ਜ਼ਿਆਦਾ ਨੁਕਸਾਨ ਹੋਇਆ ਹੈ।
ਉਨਾਂ ਪਿੰਡ ਨਗਲਾ ਵਿਖੇ ਟੁੱਟੇ ਕਾਜਵੇ ਬਾਰੇ ਗੱਲ ਕਰਦਿਆਂ ਕਿਹਾ ਮੌਜੂਦਾ ਸਰਕਾਰ ਨੇ ਤਿੰਨ ਮਹੀਨੇ ਪਹਿਲਾਂ ਇਹ ਕਾਜਵੇ ਬਣਾਇਆ ਜਿਹੜਾ ਥੋੜੇ ਜਿਹੇ ਪਾਣੀ ਦੀ ਮਾਰ ਵੀ ਨਹੀਂ ਝੱਲ ਸਕਿਆ ਜੇ ਇਹ ਕਾਜਵੇ ਸਹੀ ਤਰੀਕੇ ਨਾਲ ਬਣਿਆ ਹੁੰਦਾ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋਣੋ ਬਚ ਜਾਂਦੀਆਂ। ਦੂਜੇ ਪਾਸੇ ਪ੍ਰਸ਼ਾਸਨ ਲੋਕਾਂ ਦੀ ਮੱਦਦ ਕਰਨ ਨੂੰ ਤਿਆਰ ਨਹੀਂ ਅਤੇ ਲੋਕ ਟੁੱਟੇ ਬੰਨਾਂ ਨੂੰ ਆਪਣੇ ਪੱਧਰ ’ਤੇ ਮਜ਼ਬੂਤ ਬਣਾਉਣ ਲਈ ਲੱਗੇ ਹੋਏ ਹਨ। ਉਨਾਂ ਕਿਹਾ ਕਿ ਸਰਕਾਰੀ ਨੂਮਾਇੰਦੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਫੋਟੋ ਸ਼ੈਸ਼ਨ ਕਰਵਾ ਕੇ ਚਲੇ ਜਾਂਦੇ ਹਨ ਹਕੀਕਤ ਵਿਚ ਸਰਕਾਰ ਨੇ ਲੋਕਾਂ ਦੀ ਮੱਦਦ ਲਈ ਕੁਝ ਨਹੀਂ ਕੀਤਾ। ਉਨਾਂ ਕਿਹਾ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਮੁਬਾਰਿਕਪੁਰ ਘੱਗਰ ਦਰਿਆ ’ਤੇ ਕਾਜਵੇ ਲਾਇਆ ਸੀ ਅਤੇ ਇੰਨਾ ਪਾਣੀ ਆਉਣ ਦੇ ਬਾਵਜੂਦ ਵੀ ਕਾਜਵੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਨਾਂ ਕਿਹਾ ਕਿ ਮੋਜੂਦਾ ਸਰਕਾਰ ਦੀਆਂ ਅਣਗਹਿਲੀਆਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨਾਂ ਕਿਹਾ ਕਿ ਹੜਾਂ ਕਾਰਨ ਲੋਕਾਂ ਦੀਆਂ ਜਮੀਨਾਂ ਮਾਰੂਥਲ ਬਣ ਚੁੱਕੀਆਂ ਹਨ ਪਰ ਸਰਕਾਰ ਨੇ ਇਨਾਂ ਜ਼ਮੀਨਾਂ ਨੂੰ ਮੁੜ ਉਪਜਾਊ ਹਾਲਤ ਵਿਚ ਲਿਆਉਣ ਲਈ ਕੋਈ ਯੋਜਨਾ ਅਜੇ ਤੱਕ ਨਹੀਂ ਬਣਾਈ। ਜੇਕਰ ਜ਼ਮੀਨਾ ਚਾਲੂ ਹਾਲਤ ਵਿਚ ਨਾ ਹੋਈਆਂ ਤਾਂ ਕਿਸਾਨ ਆਪਣੇ ਪਰਿਵਾਰ ਦਾ ਗੁਜਾਰਾ ਕਿਵੇ ਕਰਨਗੇ। ਮੁੱਖ ਮੰਤਰੀ ਨੇ ਹੜਾਂ ਵਿਚ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦਾ ਕੋਈ ਐਲਾਨ ਨਹੀਂ ਕੀਤਾ। ਇਸ ਮੌਕੇ ਉਨਾਂ ਪਿੰੰਡ ਨਗਲਾ ਦੇ ਵਸਨੀਕ ਰਾਮ ਕੁਮਾਰ ਜਿਸਦੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜਨ ਕਰਕੇ ਮੌਤ ਗਈ ਸੀ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨਾਂ ਮੌਕੇ ’ਤੇ ਡੀ.ਸੀ. ਮੋਹਲੀ ਨੂੰ ਫੋਨ ਕੀਤਾ ਕਿ ਇਸ ਪਰਿਵਾਰ ਨੂੰ ਛੇਤੀ ਤੋਂ ਛੇਤੀ ਰਾਹਤ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਪਰਿਵਾਰ ਅਜਿਹੇ ਹਨ ਜਿਨਾਂ ਨੇ ਠੇਕੇ ’ਤੇ ਸ਼ਾਮਲਾਟ ਜ਼ਮੀਨਾਂ ਲਈ ਹੋਈਆਂ ਸਨ ਪਰ ਸਾਰੀਆਂ ਫਸਲਾਂ ਪਾਣੀ ਨੇ ਬਰਬਾਦ ਕਰ ਦਿੱਤੀਆਂ ਉਨਾਂ ਸਰਕਾਰ ਤੋਂ ਮੰਗ ਕੀਤੀ ਇਨਾਂ ਪਰਿਵਾਰਾਂ ਨੂੰ ਠੇਕੇ ਦੀ ਰਕਮ ਵਾਪਸ ਕੀਤੀ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਣ।